ਪੰਜਾਬੀ ਜ਼ੁਬਾਨ ਅਤੇ ਕਲਚਰ ਦੇ ਕੁੱਝ ਰੌਚਕ ਰੁਝਾਨ
ਆਪਣੀ ਗੱਲ ਮੈਂ ਕੈਨੇਡੀਅਨ ਪੰਜਾਬੀ ਜੀਵਨ ਦੇ ਤਿੰਨ ਅਸਲੀ ਕਿਰਦਾਰਾਂ ਦੇ ਹਵਾਲੇ ਨਾਲ ਸੁਰੁ ਕਰਾਂਗਾ:
ਗੁਰਰਤਨ ਸਿੰਘ ਨੌਜਵਾਨ ਕੈਨੇਡੀਅਨ ਪੁਲੀਟੀਕਲ ਕਾਰਕੁੰਨ ਹੈ। ਉਸਦਾ ਜਨਮ ਇਥੋਂ ਦੇ ਇਕ ਸੂਬੇ ਨਿਊਫੰਡਲੈਂਡ ਦੇ ਸ਼ਹਿਰ ਸੇਂਟ ਜੌਨ ਵਿਚ 1984 ਵਿਚ ਹੋਇਆ. ਉਸਨੇ ਆਪਣੀ ਸਕੂਲ ਦੀ ਪੜ੍ਹਾਈ ਓਨਟੈਰੀਓ ਸੂਬੇ ਦੇ ਸ਼ਹਿਰਾਂ ਵਿੰਡਜ਼ਰ ਅਤੇ ਲੰਡਨ ਤੋਂ ਕੀਤੀ ਅਤੇ ਮੈਕਮਾਸਟਰ ਯੂਨੀਵਰਸਿਟੀ ਤੋਂ ਲਾਅ ਕਰਨ ਤੋਂ ਬਾਅਦ ਸਿਆਸੀ ਸਰਗਰਮੀਆਂ ਵਿਚ ਦਿਲਚਸਪੀ ਲੈਣੀ ਸੁਰੁ ਕਰ ਦਿਤੀ। 2014 ਦੇ ਅਕਤੂਬਰ ਮਹੀਨੇ ਦੌਰਾਨ ਓਨਟੈਰੀਓ ਸੂਬੇ ਵਿਚ ਹੋਈਆਂ ਸਿਟੀ ਕੌਂਸਲਾਂ ਦੀਆਂ ਚੋਣਾਂ ਦੌਰਾਨ ਉਹ ਪੰਜਾਬੀਆਂ ਦੇ ਗੜ੍ਹ ਕਹੇ ਜਾਂਦੇ ਬਰੈਂਪਟਨ ਸਿਟੀ ਵਿਚ ਰਿਜਨਲ ਕੌਂਸਲਰ ਵਜੋਂ ਉਮੀਦਵਾਰ ਸੀ। ਬਰੈਂਪਟਨ ਦੀ ਸਿਆਸਤ ਨਾਲ ਵਾਹ ਪੈਣ ਤੋਂ ਪਹਿਲਾਂ ਗੁਰਰਤਨ ਪੰਜਾਬੀ ਜੁਬਾਨ ਤੋਂ ਬਿਲਕੁਲ ਦੂਰ ਸੀ. ਘਰ ਦਾ ਮਹੌਲ ਵੀ ਕੁਝ ਇਸ ਤਰਾਂ ਦੀ ਸੀ ਕਿ ਉਸਨੂੰ ਪੰਜਾਬੀ ਸਿੱਖਣ ਦਾ ਮੌਕਾ ਨਾ ਮਿਲਿਆ. ਇਸ ਕਰਕੇ ਕੁਝ ਮਹੀਨੇ ਪਹਿਲਾਂ ਤੱਕ ਉਹ ਬਿਲਕੁੱਲ ਵੀ ਪੰਜਾਬੀ ਨਹੀਂ ਸੀ ਬੋਲ ਸਕਦਾ. ਉਸਦੀਆਂ ਸਿਆਸੀ ਸਰਗਰਮੀਆਂ ਕਾਰਨ ਪਿਛਲੇ ਕਾਫੀ ਅਰਸੇ ਤੋਂ ਮੇਰਾ ਉਸ ਨਾਲ ਲਗਾਤਾਰ ਵਾਹ ਪੈਂਦਾ ਰਿਹਾ ਹੈ. ਚੋਣ ਮੁਹਿੰਮ ਦੇ ਆਖਰੀ ਪੜਾਅ ਵਿਚ ਇਕ ਇੰਟਰਵਿਊ ਦੌਰਾਨ ਮੈਂ ਉਸ ਨੂੰ ਇਕ ਸੁਆਲ ਕੀਤਾ: “ ਚੋਣਾਂ ਲੜਨ ਦਾ ਅਨੁਭਵ ਹੁਣ ਤੱਕ ਕਿਸ ਤਰਾਂ ਦਾ ਰਿਹਾ ਹੈ ਅਤੇ ਇਸ ਅਨੁਭਵ ਨੇ ਤੁਹਾਨੂੰ ਕੀ ਨਵਾਂ ਸਿਖਾਇਆ ਹੈ?” ਉਸਦਾ ਜਵਾਬ ਬਹੁਤ ਦਿਲਚਸਪ ਸੀ. ਉਸਨੇ ਕਿਹਾ ਕਿ ਜੇ ਮੈਂ ਚੋਣਾਂ ਨਾ ਲੜਦਾ ਤਾਂ ਮੈਂ ਕਦੇ ਵੀ ਪੰਜਾਬੀ ਨਹੀਂ ਸੀ ਸਿੱਖ ਸਕਣੀ. ਚੋਣਾਂ ਨੇ ਮੈਂਨੂੰ ਪੰਜਾਬੀ ਬੋਲਣ ਲਾ ਦਿਤਾ ਹੈ. ਬਰੈਂਪਟਨ ਵਰਗੇ ਸ਼ਹਿਰ ਵਿਚ ਇਕ ਪੰਜਾਬੀ ਉਮੀਦਵਾਰ ਵਜੋਂ ਚੋਣਾਂ ਲੜਨ ਲਈ ਉਸ ਨੂੰ ਇਕ ਪਾਸੇ ਪੰਜਾਬੀ ਵੋਟਰਾਂ ਨਾਲ ਗੱਲਬਾਤ ਕਰਨ ਲਈ ਵੀ ਅਤੇ ਦੂਜੇ ਪਾਸੇ ਇਥੋਂ ਦੇ ਪੰਜਾਬੀ ਮੀਡੀਆ ਨਾਲ ਗੱਲਬਾਤ ਕਰਨ ਲਈ ਪੰਜਾਬੀ ਦੀ ਲੋੜ ਪੈਂਦੀ ਹੈ. ਮੈਂ ਸੁਰੂ ਦੇ ਦਿਨਾਂ ਵਿਚ ਗੁਰਰਤਨ ਨੂੰ ਪੰਜਾਬੀ ਬੋਲਣ ਲਈ ਜਦੋਜਹਿਦ ਕਰਦੇ ਵੀ ਦੇਖਿਆ ਹੈ ਅਤੇ ਅੱਜ ਉਸਨੂੰ ਪੂਰੇ ਆਤਮ ਵਿਸ਼ਵਾਸ਼ ਨਾਲ ਪੰਜਾਬੀ ਬੋਲਦਾ ਦੇਖ ਰਿਹਾ ਹਾਂ।
ਇਸੇ ਕਹਾਣੀ ਦਾ ਇਕ ਹੋਰ ਕਿਰਦਾਰ ਬ੍ਰਿਟਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ ਦਾ ਨੇਥਨ ਸੇਖੋਂ ਹੈ. ਉਹ ਫਰੈਂਚ ਇਮਰਜ਼ਨ ਪ੍ਰੋਗਰਾਮ ਵਾਲੇ ਇਕ ਸਕੂਲ ਚੋਂ ਪੜ੍ਹਿਆ ਅਤੇ ਰਸਮੀ ਤੌਰ ਤੇ ਪੰਜਾਬੀ ਸਿਖਣ ਦਾ ਉਸ ਨੂੰ ਜਿਆਦਾ ਮੌਕਾ ਨਾ ਮਿਲਿਆ. ਸਕੂਲਿੰਗ ਦੌਰਾਨ ਇੰਗਲਿਸ਼ ਅਤੇ ਫਰੈਂਚ ਭਾਸਾਵਾਂ ਅਤੇ ਕਲਚਰ ਵਿਚ ਉਸਦਾ ਵਿਕਾਸ ਹੋਇਆ ਅਤੇ ਉਸ ਨੇ ਬ੍ਰਿਟਿਸ਼ ਕੋਲੰਬੀਆ ਦੀ ਕਵਾਂਟਲਨ ਯੂਨੀਵਰਸਿਟੀ ਤੋਂ ਜਰਨਲਿਜ਼ਮ ਵਿਚ ਡਿਗਰੀ ਕੀਤੀ. ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੈਨਕੂਵਰ ਦੇ ਇਕ ਮਲਟੀ ਕਲਚਰਲ ਟੀਵੀ ਚੈਨਲ ‘ ਚੈਨਲ ਐਮ’ ਵਿਚ ਰਿਸਚਰਚ ਵਜੋਂ ਨੌਕਰੀ ਕਰਨੀ ਸੁਰੂ ਕਰ ਲਈ. ਉਦੋਂ ਤੱਕ ਉਹ ਪੰਜਾਬੀ ਭਾਵੇਂ ਸਮਝ ਸਕਦਾ ਸੀ ਪਰ ਪੰਜਾਬੀ ਬੋਲਣ, ਪੜ੍ਹਨ ਜਾਂ ਲਿਖਣ ਦਾ ਅਭਿਆਸ ਬਿਲਕੁੱਲ ਹੀ ਨਾਮਾਤਰ ਸੀ। ਇਸ ਚੈਨਲ ਦੁਆਰਾ ਜਦੋਂ 2007-08 ਦੇ ਨੇੜੇ ਪੰਜਾਬੀ ਨਿਊਜ਼ ਸੋਅ ਸੁਰੂ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਪੰਜਾਬੀ ਪਿਛੋਕੜ ਵਾਲੇ ਇਕ ਕਾਬਲ ਮੀਡੀਆ ਪ੍ਰੋਫੈਸ਼ਨਲ ਦੇ ਤੌਰ ਤੇ ਉਸਤੇ ਨਜ਼ਰ ਪਈ. ਇਸ ਮੌਕੇ ਨੇ ਉਸਦੀ ਪੰਜਾਬੀ ਜੁਬਾਨ ਵਿਚ ਦਿਲਚਸਪੀ ਪੈਦਾ ਕਰ ਦਿਤੀ ਅਤੇ ਉਸਨੇ ਇਸ ਵੱਲ ਧਿਆਨ ਦੇਣਾ ਸੁਰੁ ਕਰ ਦਿਤਾ. ਹੌਲੀ ਹੌਲੀ ਇਸ ਚੈਨਲ ਦੁਆਰਾ ਰੋਜਾਨਾ ਪੰਜਾਬੀ ਨਿਊਜ਼ ਸੋਅ ਸੁਰੁ ਕਰ ਦਿਤਾ ਗਿਆ ਅਤੇ ਇਸ ਸੋਅ ਨੂੰ ਪ੍ਰੋਡਿਊਸ ਕਰਨ ਦੀ ਜਿਮੇਦਾਰੀ ਨੇਥਨ ਸੇਖੋਂ ਨੂੰ ਮਿਲੀ. ਬਾਦ ਵਿਚ ਇਹ ਚੈਨਲ ਇਕ ਕੈਨੇਡੀਅਨ ਕਾਰਪੋਰੇਸ਼ਨ ਰੌਜਰਜ਼ ਵੱਲੋਂ ਖਰੀਦ ਲਿਆ ਗਿਆ ਅਤੇ ਇਸਦੇ ‘ਔਮਨੀ’ ਨੈਟਵਰਕ ਦਾ ਹਿੱਸਾ ਬਣ ਗਿਆ. ਅੱਜ ਨੇਥਨ ਸੇਖੋਂ ਔਮਨੀ ਨੇ ਨੈਸ਼ਨਲ ਪੰਜਾਬੀ ਨਿਊਜ਼ ਸੋਅ ਦਾ ਪ੍ਰੋਡਿਊਸਰ ਹੈ. ਇੰਡੀਆ ਤੋਂ ਬਾਹਰ ਕਿਸੇ ਵੱਡੀ ਮੀਡੀਆ ਕੰਪਨੀ ਦੁਆਰਾ ਪ੍ਰੋਡਿਊਸ ਅਤੇ ਬਰਾਡਕਾਸਟ ਕੀਤਾ ਜਾਣ ਵਾਲਾ ਇਹ ਪਹਿਲਾ ਅਤੇ ਇਕੋ ਇਕ ਪੰਜਾਬੀ ਨਿਊਜ਼ ਬੁਲਿਟਨ ਹੈ. ਨੇਥਨ ਦੀਆਂ ਰਗਾਂ ਵਿਚ ਪੰਜਾਬੀ ਖੂਨ ਹੈ ਅਤੇ ਕਲਚਰ ਪੱਖੋਂ ਉਸਦੀਆਂ ਕੈਨੇਡਾ ਦੇ ਇੰਗਲਿਸ਼-ਫਰੈਂਚ ਕਲਚਰ ਵਿਚ ਗਹਿਰੀਆਂ ਜੜ੍ਹਾਂ ਹਨ. ਇਸ ਤਰਾਂ ਦੇ ਪਿਛੋਕੜ ਵਾਲੇ ਅਤੇ ਇਸ ਤਰਾਂ ਦੀ ਸਖਸੀਅਤ ਵਾਲੇ ਇਕ ਨੌਜਵਾਨ ਪ੍ਰੋਫੈਸਨਲ ਦੁਆਰਾ ਇਕ ਪੰਜਾਬੀ ਨਿਊਜ਼ ਬੁਲਿਟਨ ਦੀ ਪ੍ਰੋਡਕਸ਼ਨ ਇਕ ਵੱਖਰੀ ਤਰਾਂ ਦਾ ਅਨੁਭਵ ਹੈ. ਉਸਨੇ ਇਸ ਨੂੰ ਇਕ ਨਵੀਂ ਸੰਵੇਦਨਾ, ਵਿਸ਼ਵ ਦ੍ਰਿਸ਼ਟੀ ਅਤੇ ਪ੍ਰੋਫੈਸ਼ਨਲ ਕੁਆਲਿਟੀ ਦਿਤੀ ਗਈ ਹੈ, ਜਿਹੜੀ ਪੰਜਾਬ ਦੇ ਜੰਮੇ ਪਲੇ ਕਿਸੇ ਵੀ ਮੀਡੀਆ ਪ੍ਰੋਫੈਸ਼ਨਲ ਤੋਂ ਵੱਖਰੀ ਹੈ. ਸਾਡੀ ਜੁਬਾਨ ਅਤੇ ਕਲਚਰ ਦੇ ਗਲੋਬਲ ਪੂਲ ਵਿਚ ਇਹ ਇਕ ਅਹਿਮ ਇਜਾਫਾ ਹੈ.
ਇਸੇ ਕਹਾਣੀ ਦਾ ਤੀਜਾ ਪਾਤਰ ਹਰਨਰਾਇਣ ਸਿੰਘ ਹੈ. ਉਸਦਾ ਜਨਮ 1984 ਵਿਚ ਕੈਨੇਡੀਅਨ ਸੂਬੇ ਅਲਬਰਟਾ ਦੇ ਇਕ ਛੋਟੇ ਜਿਹੇ ਕਸਬੇ ਵਿਚ ਹੋਇਆ. ਇਸੇ ਸੂਬੇ ਦੇ ਇਹ ਹੋਰ ਛੋਟੇ ਸ਼ਹਿਰ ਵਿਚ ਉਸ ਨੇ ਆਪਣੀ ਸਕੂਲ ਦੀ ਪੜ੍ਹਾਈ ਕੀਤੀ. ਸਕੂਲ ਦੀ ਪੜ੍ਹਾਈ ਪੂਰੀ ਕਰਨ ਤੱਕ ਉਸਦਾ ਬਚਪਨ ਅਜਿਹੇ ਸ਼ਹਿਰਾਂ ਵਿਚ ਬੀਤਿਆ ਜਿਥੇ ਕੋਈ ਵਿਰਲਾ ਟਾਵਾਂ ਪੰਜਾਬੀ ਪਰਿਵਾਰ ਹੀ ਵਸਦਾ ਸੀ ਅਤੇ ਪੰਜਾਬੀ ਬੱਚਿਆਂ ਨਾਲ ਉਸਦਾ ਵਾਹ ਬਿਲਕੁਲ ਹੀ ਘੱਟ ਪਿਆ. ਸਕੂਲ ਪੂਰਾ ਕਰਨ ਤੋਂ ਬਾਅਦ ਉਸਨੇ ਕੈਲਗਰੀ ਦੀ ਮਾਊਂਟ ਰੌਇਲ ਯੂਨੀਵਰਸਿਟੀ ਤੋਂ ਬਰਾਡਕਾਸਟਿੰਗ ਵਿਚ ਡਿਗਰੀ ਕੀਤੀ ਅਤੇ ਇਕ ਕੈਨੇਡੀਅਨ ਟੀਵੀ ਚੈਨਲ ਨਾਲ ਨੌਕਰੀ ਸੁਰੂ ਕਰ ਲਈ. ਕੁੱਝ ਅਰਸੇ ਬਾਦ ਉਹ ਕੈਨੇਡਾ ਦੀ ਨੈਸ਼ਨਲ ਬਰਾਡਕਾਸਟਿੰਗ ਕੰਪਨੀ ‘ਸੀ ਬੀ ਸੀ’ ਵਿਚ ਰਿਪੋਰਟਰ ਦੇ ਤੌਰ ਤੇ ਨੌਕਰੀ ਕਰਨ ਲੱਗ ਪਿਆ. ਹਰਨਰਾਇਣ ਨੇ ਪਾਠ ਕਰਨ ਜੋਗੀ ਪੰਜਾਬੀ ਆਪਣੇ ਘਰ ਚੋਂ ਹੀ ਸਿੱਖੀ ਸੀ ਅਤੇ ਪਾਠ ਕਾਰਨ ਹੀ ਉਸਦਾ ਪੰਜਾਬੀ ਨਾਲ ਕੁੱਝ ਨਾ ਕੁੱਝ ਸਬੰਧ ਬਣਿਆ ਰਿਹਾ. 2007-2008 ਵਿਚ ਸੀ ਬੀ ਸੀ ਦੁਆਰਾ ਕੈਨੇਡੀਅਨ ਹਾਕੀ ਨਾਲ ਸਬੰਧਤ ਇਕ ਪ੍ਰੋਗਰਾਮ ਹਾਕੀ ਨਾਈਟ ਇਨ ਕੈਨੇਡਾ ਦਾ ਪੰਜਾਬੀ ਵਿਚ ਪ੍ਰਸਾਰਨ ਸੁਰੂ ਕਰਨ ਦਾ ਫੈਸਲਾ ਕੀਤਾ ਗਿਆ. ਹਰਨਰਾਇਣ ਦੀ ਹਾਕੀ ਵਿਚ ਬਚਪਨ ਤੋਂ ਰੁਚੀ ਸੀ ਅਤੇ ਉਸ ਵਕਤ ਉਹ ਸੀ ਬੀ ਸੀ ਨਾਲ ਰਿਪੋਰਟਰ ਵਜੋਂ ਕੰਮ ਵੀ ਕਰ ਰਿਹਾ ਸੀ. ਕੈਨੇਡੀਅਨ ਹਾਕੀ ਨੂੰ ਚੰਗੀ ਤਰਾਂ ਜਾਣਨ ਵਾਲਾ ਪੰਜਾਬੀ ਲੱਭਣਾ ਉਸ ਵਕਤ ਕੋਈ ਅਸਾਨ ਕੰਮ ਨਹੀਂ ਸੀ. ਹਰਨਰਾਇਣ ਦਾ ਪੰਜਾਬੀ ਪਿਛੋਕੜ, ਪੰਜਾਬੀ ਦੀ ਜਾਣਕਾਰੀ ਅਤੇ ਹਾਕੀ ਵਿਚ ਗਹਿਰੀ ਰੁਚੀ ਉਸਦੇ ਕੰਮ ਆਈ ਅਤੇ ਹਾਕੀ ਨਾਈਟ ਇਨ ਕੈਨੇਡਾ ਦੇ ਪੰਜਾਬੀ ਪ੍ਰਸਾਰਨ ਲਈ ਹਰਨਰਾਇਣ ਨੂੰ ਚੁਣ ਲਿਆ ਗਿਆ. ਪੰਜਾਬ ਦੇ ਮਿਆਰਾਂ ਮੁਤਾਬਕ ਹਰਨਰਾਇਣ ਦੀ ਪੰਜਾਬੀ ਉਸ ਵਕਤ ਨੁਕਸ ਰਹਿਤ ਨਹੀਂ ਸੀ ਪਰ ਉਸਨੇ ਇਸ ਨੂੰ ਇਕ ਚੁਣੌਤੀ ਵਜੋਂ ਲਿਆ ਅਤੇ ਪ੍ਰਸਾਰਨ ਦੇ ਨਾਲੋ ਨਾਲ ਆਪਣੀ ਪੰਜਾਬੀ ਨੂੰ ਨਿਖਾਰਦਾ ਗਿਆ. ਅੱਜ ਉਸਦੀ ਪੰਜਾਬੀ ਵਿਚ ਉਸ ਤਰਾਂ ਦੇ ਠੇਠ ਪੰਜਾਬੀ ਸ਼ਬਦ ਵੀ ਲੱਭਦੇ ਹਨ, ਜਿਹੜੇ ਸਾਇਦ ਪੰਜਾਬ ਦੇ ਜੰਮੇ ਨੌਜਵਾਨ ਵੀ ਨਹੀਂ ਵਰਤਦੇ.
ਇਹ ਤਿੰਨ ਕਿਰਦਾਰ ਮਹਿਜ਼ ਤਿੰਨ ਮਿਸਾਲਾਂ ਹਨ. ਇਨ੍ਹਾਂ ਦੇ ਹਵਾਲੇ ਤੋਂ ਬਗੈਰ ਜੇ ਮੈਂ ਆਪਣੀ ਗੱਲ ਕਰਦਾ ਤਾਂ ਸਾਇਦ ਉਹ ਨਿਰੀ ਸਿਧਾਂਤਕਾਰੀ ਲੱਗਦੀ. ਇਨ੍ਹਾਂ ਦੇ ਜ਼ਰੀਏ ਅਸੀਂ ਕੈਨੇਡੀਅਨ ਪੰਜਾਬੀ ਮੀਡੀਆ ਅਤੇ ਕਮਿਊਨਿਟੀ ਦੇ ਕੈਨੇਡੀਅਨ ਸਮਾਜ ਨਾਲ ਸਬੰਧਾਂ ਨੂੰ ਜਿਆਦਾ ਸਹੀ ਤਰੀਕੇ ਨਾਲ ਸਮਝ ਸਕਦੇ ਹਾਂ, ਇਥੋਂ ਦਾ ਪੰਜਾਬੀ ਮੀਡੀਆ ਇਥੋਂ ਦੇ ਲੋਕਲ ਸਮਾਜ ਨਾਲ ਕਿਸ ਤਰਾਂ ਦਾ ਸਬੰਧ ਬਣਾ ਰਿਹਾ ਹੈ ਜਾਂ ਇਸ ਵਿਚ ਉਸ ਸਬੰਧੀ ਹੋਰ ਕੀ ਸੰਭਾਵਨਾਵਾਂ ਹਨ, ਉਸਦੀ ਝਲਕ ਇਨ੍ਹਾਂ ਕਿਰਦਾਰਾਂ ਦੇ ਹਵਾਲੇ ਚੋਂ ਮਿਲ ਸਕਦੀ ਹੈ .
ਵੈਸੇ ਇਸ ਸੁਆਲ ਦੇ ਚਰਚਾ ਪਰਵਾਸੀ ਪੰਜਾਬੀ ਮੀਡੀਆ ਨਾਲ ਜੁੜੇ ਲੋਕਾਂ ਅਤੇ ਇਨ੍ਹਾਂ ਮੁਲਕਾਂ ਵਿਚ ਰਹਿੰਦੀ ਪੰਜਾਬੀ ਕਮਿਊਨਿਟੀ ਅੰਦਰ ਪਹਿਲਾਂ ਵੀ ਹੁੰਦੀ ਰਹੀ ਹੈ. ਮੈਂ ਇਥੇ ਸਿਰਫ ਕੈਨੇਡੀਅਨ ਜਾਂ ਸਮੁਚੇ ਨੌਰਥ ਅਮੈਰਿਕਨ ਪੰਜਾਬੀ ਮੀਡੀਆ ਬਾਰੇ ਗੱਲ ਕਰਾਂਗਾ ਪਰ ਅਸਲ ਵਿਚ ਤਕਰੀਬਨ ਸਾਰੀਆਂ ਹੀ ਥਾਵਾਂ ਤੇ ਪੰਜਾਬੀ ਪਰਵਾਸੀ ਮੀਡੀਆ ਇਸੇ ਤਰਾਂ ਦੇ ਪੜਾਵਾਂ ਵਿਚੋਂ ਲੰਘਿਆ ਹੈ ਜਾਂ ਲੰਘ ਰਿਹਾ ਹੈ. ਕੁੱਝ ਇਸ ਸਫਰ ਵਿਚ ਅੱਗੇ ਹਨ ਅਤੇ ਕੁੱਝ ਪਿੱਛੇ. ਅਸਟਰੇਲੀਆ ਅਤੇ ਯੂਰਪ ਦੇ ਇਟਲੀ ਵਰਗੇ ਖੇਤਰਾਂ ਵਿਚ ਸੁਰੂ ਹੋਇਆ ਪੰਜਾਬੀ ਮੀਡੀਆ ਜਿਸ ਪੜਾਅ ਚੋਂ ਅੱਜ ਲੰਘ ਰਿਹਾ ਹੈ, ਉਸ ਚੋਂ ਇੰਗਲੈਂਡ ਜਾਂ ਕੈਨੇਡਾ ਦਾ ਪੰਜਾਬੀ ਮੀਡੀਆ ਨਿਕਲ ਚੁੱਕਾ ਹੈ ਜਾਂ ਨਿਕਲਣ ਦੇ ਨੇੜੇ ਹੈ. ਜਦੋਂ ਸੁਰੂ ਸ਼ਰੂ ਵਿਚ ਇਹ ਸੁਆਲ ਓਨਟੈਰੀਓ ਖੇਤਰ ਦੇ ਕੈਨੇਡੀਅਨ ਪੰਜਾਬੀ ਮੀਡੀਆ ਬਾਰੇ ਉਠਣ ਲੱਗਾ ਸੀ ਤਾਂ ਉਸ ਦੌਰ ਨੂੰ ਮੈਂ ਜਾਤੀ ਤੌਰ ਤੇ ਦੇਖਿਆ ਜਾਂ ਅਨੁਭਵ ਕੀਤਾ ਹੈ.
ਮੈਂ ਆਪਣੀ ਗੱਲ ਦੋ ਨੁਕਤਿਆਂ ਵਿਚ ਸਮੇਟਾਂਗਾ:
1. ਇਨ੍ਹਾਂ ਮੁਲਕਾਂ ਵਿਚ ਪੰਜਾਬੀ ਮੀਡੀਆ ਸਾਡੀਆਂ ਉਨਾਂ ਮੁਢਲੀਆਂ ਪੀੜੀਆਂ ਦੀਆਂ ਲੋੜਾਂ ਵਿਚੋਂ ਪੈਦਾ ਹੋਇਆ, ਜਿਹੜੀਆ ਭਾਵੇਂ ਰਹਿ ਕੈਨੇਡਾ ਵਿਚ ਰਹੀਆਂ ਸਨ ਪਰ ਜਿਨ੍ਹਾਂ ਦੇ ਮਨ ਪਿਛੇ ਪੰਜਾਬ ਵਿਚ ਸਨ. ਉਹ ਇਥੇ ਕੰਮ ਕਰ ਰਹੇ ਸਨ, ਇਥੇ ਰਹਿ ਰਹੇ ਸਨ ਪਰ ਉਨਾਂ ਦੇ ਦਿਲ ਅਤੇ ਮਨ ਪੂਰੀ ਤਰਾਂ ਪੰਜਾਬ ਨਾਲ ਜੁੜੇ ਸਨ. ਲੋਕਲ ਸਮਾਜ ਨਾਲ ਉਨਾਂ ਦਾ ਰਿਸ਼ਤਾ ਸਿਰਫ ਕੰਮ ਕਾਰ ਅਤੇ ਸੌਪਿੰਗ ਤੱਕ ਹੀ ਸੀਮਤ ਸੀ. ਸਾਡਾ ਇਨ੍ਹਾਂ ਮੁਲਕਾਂ ਵਿਚ ਜੋ ਵੀ ਪੰਜਾਬੀ ਮੀਡੀਆ ਪੈਦਾ ਹੋਇਆ, ਉਹ ਸਾਡੇ ਲੋਕਾਂ ਨੂੰ ਪੰਜਾਬ ਦੀ ਖਬਰ ਦੇਣ ਦੇ ਇਕ ਸਾਧਨ ਵਜੋਂ ਪੈਦਾ ਹੋਇਆ. ਉਸ ਦੌਰ ਦੇ ਪੰਜਾਬੀ ਅਖਬਾਰ ਜੇ ਦੇਖੋ ਤਾਂ ਸਾਰੀਆਂ ਖਬਰਾਂ ਅਤੇ ਹੋਰ ਸਮੱਗਰੀ ਪੰਜਾਬ ਨਾਲ ਹੀ ਸਬੰਧਤ ਹੁੰਦੀ ਸੀ ਅਤੇ ਪੰਜਾਬ ਦੇ ਅਖਬਾਰਾਂ ਚੋਂ ਲੈ ਕੇ ਛਾਪੀ ਜਾਂਦੀ ਸੀ. ਜਿਥੇ ਜਿਥੇ ਸਾਡੇ ਮੁਢਲੇ ਅਖਬਾਰ ਜਾਂ ਰੇਡੀਓ ਪ੍ਰੋਗਰਾਮ ਸੁਰੂ ਹੋਏ, ਉਥੇ ਕਮਿਊਨਿਟੀ ਐਨੀ ਕੁ ਵੱਡੀ ਜ਼ਰੂਰ ਹੁੰਦੀ ਸੀ ਕਿ ਉਸਦੇ ਆਪਣੇ ਛੋਟੇ ਛੋਟੇ ਬਿਜ਼ਨਸ ਹੁੰਦੇ ਸਨ. ਇਸ ਤਰਾਂ ਦਾ ਛੋਟਾ ਕਮਿਉਨਿਟੀ ਬਿਜ਼ਨਸ ਇਸ਼ਤਿਹਾਰ ਦਿੰਦਾ ਸੀ ਅਤੇ ਖਬਰਾਂ ਪੰਜਾਬ ਦੀਆਂ ਦੀਆਂ ਹੁੰਦੀਆਂ ਸਨ.
ਹੌਲੀ ਹੌਲੀ ਸਾਡੀ ਕਮਿਊਨਿਟੀ ਦਾ ਲੋਕਲ ਕੈਨੇਡੀਅਨ ਸਮਾਜ ਨਾਲ ਰਾਬਤਾ ਵਧਣ ਲੱਗਾ. ਸਾਡੇ ਲੋਕਾਂ ਨੇ ਲੋਕਲ ਪਾਲਿਟਿਕਸ ਵਿਚ ਸਾਮਲ ਹੋਣਾ ਸੁਰੂ ਕਰ ਦਿਤਾ. ਲੋਕਲ ਸੰਸਥਾਵਾਂ ਨਾਲ ਸਬੰਧ ਬਣ ਗਿਆ ਅਤੇ ਲੋਕਲ ਇਕੌਨੋਮੀ ਨਾਲ ਵੀ ਜਿਆਦਾ ਗਹਿਰਾ ਰਿਸ਼ਤਾ ਬਣਿਆ. ਇਸਦੀ ਥੋੜ੍ਹੀ ਥੋੜ੍ਹੀ ਝਲਕ ਸਾਡੇ ਲੋਕਲ ਮੀਡੀਆ ਵਿਚੋਂ ਵੀ ਦਿਸਣ ਲੱਗੀ. ਇਸ ਬਦਲਾਅ ਦਾ ਇਕ ਪੜਾਅ ਮੈਂ ਖੁਦ ਓਨਟੈਰੀਓ ਵਿਚ ਦੇਖਿਆ ਹੈ. ਇਹ ਅਜਿਹਾ ਸਮਾਂ ਸੀ, ਜਦੋਂ ਸਾਡੀ ਕਮਿਊਨਿਟੀ ਦਾ ਲੋਕਲ ਕੈਨੇਡੀਅਨ ਸਮਾਜ ਨਾਲ ਰਾਜਨੀਤਕ ਅਤੇ ਸਮਾਜਕ ਰਿਸ਼ਤਾ ਗਹਿਰਾ ਹੋ ਚੁੱਕਾ ਸੀ ਅਤੇ ਸਾਡੇ ਬੱਚੇ ਇਥੇ ਪੜ੍ਹ ਰਹੇ ਸਨ ਪਰ ਸਾਡਾ ਪੰਜਾਬੀ ਮੀਡੀਆ ਆਪਣੇ ਸਰੋਤਾਂ ਪੱਖੋਂ ਇਹ ਲੋੜ ਪੂਰੀ ਕਰਨ ਦੇ ਕਾਬਲ ਨਹੀਂ ਸੀ. ਸਾਡਾ ਸਾਰਾ ਕਮਿਊਨਿਟੀ ਮੀਡੀਆ ਕੁਝ ਲੋਕਾਂ ਦੇ ਨਿਜੀ ਉਦਮ ਸਨ ਅਤੇ ਇਕ ਕਿਸਮ ਦੇ ਫੈਮਿਲੀ ਬਿਜ਼ਨਸ ਸਨ. ਸ਼ੁਰੂ ਸੁਰੂ ਵਿਚ ਉਨਾਂ ਕੋਲ ਇਸ ਤਰਾਂ ਦੇ ਸਰੋਤ ਜਾਂ ਸਕਿੱਲ ਨਹੀਂ ਸੀ ਕਿ ਲੋਕਲ ਸਮੱਗਰੀ ਜਾਂ ਖਬਰਾਂ ਤਿਆਰ ਕਰ ਸਕਣ. ਇੰਡੀਆ ਤੋਂ ਖਬਰਾਂ ਬਣਾਉਣ ਦੇ ਸਰੋਤ ਉਨਾਂ ਪਹਿਲਾਂ ਬਣਾ ਰੱਖੇ ਸਨ ਅਤੇ ਲੋਕਲ ਪੱਧਰ ਤੇ ਉਹ ਸਿਰਫ ਸੇਲਜ਼ ਜਾਂ ਮਾਰਕੀਟਿੰਗ ਦਾ ਕੰਮ ਹੀ ਕਰਦੇ ਸਨ. ਉਸ ਵੇਲੇ ਇਕ ਅਜਿਹੀ ਸਟੇਜ ਆਈ ਜਦੋਂ ਇਥੋਂ ਦੇ ਪੰਜਾਬੀ ਸਮਾਜ ਵਿਚ ਲੋਕ ਪੰਜਾਬੀ ਮੀਡੀਆ ਦੀ ਇਸ ਗੱਲੋਂ ਨੁਕਤਾਚੀਨੀ ਕਰਦੇ ਸਨ ਕਿ ਇਸ ਵਿਚ ਸਾਰਾ ਕੁਝ ਹੀ ਪੰਜਾਬ ਦਾ ਹੁੰਦਾ ਹੈ ਅਤੇ ਇਹ ਕੋਈ ਵੀ ਖਬਰ ਕੈਨੇਡਾ ਬਾਰੇ ਨਹੀਂ ਦਿੰਦੇ. ਇਸ ਤਰਾਂ ਦੇ ਦਬਾਅ ਵਿਚ ਕੁਝ ਲੋਕਾਂ ਨੇ ਪਹਿਲਕਦਮੀ ਕੀਤੀ ਅਤੇ ਲੋਕਲ ਮਸਲਿਆਂ ਵਿਚ ਰੁਚੀ ਲੈਣੀ ਸੁਰੂ ਕੀਤੀ ਅਤੇ ਲੋਕਲ ਮੁਦਿਆਂ ਤੇ ਲਿਖਣਾ ਸੁਰੂ ਕੀਤਾ. ਹੋਲੀ ਹੌਲੀ ਇਹ ਰੁਝਾਨ ਵਧਦਾ ਗਿਆ ਅਤੇ ਅੱਜ ਸਾਡਾ ਇਥੋਂ ਦਾ ਮੀਡੀਆ ਲੋਕਲ ਕਮਿਊਨਿਟੀ ਦੀਆਂ ਖਬਰਾਂ, ਰਾਜਨੀਤਕ ਖਬਰਾਂ ਅਤੇ ਹੋਰ ਮੁਦਿਆਂ ਨੂੰ ਵੀ ਪੂਰੀ ਥਾਂ ਦਿੰਦਾ ਹੈ, ਜਾਂ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਦੀਆਂ ਖਬਰਾਂ ਦੇ ਮੁਕਾਬਲੇ ਪਹਿਲ ਦੇਣ ਲੱਗ ਪਿਆ ਹੈ. ਡਾ ਬਲਵਿੰਦਰ ਸਿੰਘ ਟੋਰਾਂਟੋ ਖੇਤਰ ਵਿਚ ਇਕ ਪੌਪੂਲਰ ਪੰਜਾਬੀ ਰੇਡੀਓ ਹੋਸਟ ਹਨ ਅਤੇ ਪਿਛਲੇ ਇਕ ਦਹਾਕੇ ਤੋਂ ਵੱਧ ਅਰਸੇ ਤੋਂ ਇਕ ਕਾਮਯਾਬ ਰੇਡੀਓ ਸੋਅ ‘ਸਰਗਮ’ ਚਲਾ ਰਹੇ ਹਨ. ਉਨਾਂ ਦਾ ਕਹਿਣਾ ਹੈ ਕਿ ਓਨਟੈਰੀਓ ਦੇ ਪੰਜਾਬੀ ਮੀਡੀਆ ਵਿਚ ਕੈਨੇਡੀਅਨ ਮੁਦਿਆਂ ਦੇ ਗੱਲ ਕਰਨ ਦਾ ਰੁਝਾਨ ਨੱਬੇਵਿਆਂ ਦੇ ਅਖੀਰ ਵਿਚ ਸੁਰੁ ਹੋਇਆ ਜਦੋਂ ਪਹਿਲੀ ਵਾਰ ਕੁਝ ਪੰਜਾਬੀ ਲੋਕ ਕੈਨੇਡੀਅਨ ਪਾਲਿਟਿਕਸ ਵਿਚ ਸਰਗਰਮ ਹੋਏ ਜਾਂ ਕਾਮਯਾਬ ਹੋਵੇ. ਇਸ ਦੀ ਸੁਰੂਆਤ ਰੇਡੀਓ ਪ੍ਰੋਗਰਾਮਾਂ ਵਿਚ ਹੋਈ. ਅਖਬਾਰਾਂ ਵਿਚ ਇਹ ਰੁਝਾਨ ਕਾਫੀ ਪਛੜਕੇ ਹੋਇਆ, ਕਿਉਂਕਿ ਅਖਬਾਰਾਂ ਲਈ ਲੋਕਲ ਸਮੱਗਰੀ ਤਿਆਰ ਕਰਨ ਜੋਗੇ ਵਸੀਲੇ ਹਾਲੇ ਨਹੀਂ ਸਨ. ਅਖਬਾਰਾਂ ਵਿਚ ਇਹ ਰੁਝਾਨ ਸਾਲ 2000 ਤੋਂ ਵੀ ਕਾਫੀ ਬਾਅਦ ਨਜ਼ਰ ਆਉਣ ਲੱਗਿਆ.
ਜਿੱਥੋਂ ਤੱਕ ਅਮਰੀਕਾ ਦੇ ਪੰਜਾਬੀ ਮੀਡੀਆ ਦੀ ਗੱਲ ਕਰੀਏ ਤਾਂ ਉਹ ਅਜੇ ਵੀ ਪਹਿਲੀ ਸਥਿਤੀ ਵਿਚ ਹੀ ਖਲੋਤਾ ਹੈ. ਅਮਰੀਕਾ ਵਿਚ ਪੰਜਾਬੀ ਰੇਡੀਓ ਬਿਲਕੁੱਲ ਵੀ ਵਿਕਸਤ ਨਹੀਂ ਹੋ ਸਕਿਆ. ਪਿਛਲੇ ਕੁੱਝ ਸਾਲਾਂ ਤੋਂ ਟੀਵੀ ਵਿਚ ਕੁੱਝ ਉਦਮ ਸਾਹਮਣੇ ਆਏ ਹਨ, ਪਰ ਲੋਕਲ ਸਮੱਗਰੀ ਤਿਆਰ ਕਰਨੀ ਜਾਂ ਲੋਕਲ ਟੀ ਵੀ ਟੈਲੰਟ ਵਿਕਸਤ ਕਰਨਾ ਉਨਾਂ ਦੇ ਵਸੀਲਿਆਂ ਤੋਂ ਬਾਹਰ ਹੈ. ਸਿਰਫ ਅਖਬਾਰਾਂ ਹਨ, ਜਿਹੜੀਆਂ ਅਜੇ ਵੀ ਉਸੇ ਤਰਾਂ ਪੰਜਾਬ ਦੇ ਮੁਦਿਆਂ ਤੇ ਕੇਂਦਰਤ ਹਨ, ਜਿਵੇਂ ਕੈਨੇਡਾ ਦਾ ਪੰਜਾਬੀ ਮੀਡੀਆ ਦੋ ਕੁ ਦਹਾਕੇ ਪਹਿਲਾਂ ਤੱਕ ਸੀ. ਬਲਦੇਵ ਸਿੰਘ ਗਰੇਵਾਲ ਅਮਰੀਕਾ ਦੇ ਸਭ ਤੋਂ ਸੀਨੀਅਰ ਪੰਜਾਬੀ ਪਤਰਕਾਰਾਂ ਚੋਂ ਹਨ ਅਤੇ ਪਿਛਲੇ ਸੋਲਾਂ ਸਾਲ ਤੋਂ ‘ਸੇਰ-ਏ-ਪੰਜਾਬ’ ਨਾਂ ਦਾ ਅਖਬਾਰ ਨਿਯੂਯਾਰਕ ਖੇਤਰ ਚੋਂ ਕੱਢ ਰਹੇ ਹਨ. ਉਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਲੋਕਲ, ਸੂਬਾਈ ਜਾਂ ਫੈਡਰਲ ਸਿਆਸਤ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਨਾਂ ਮਾਤਰ ਹੀ ਹੈ ਅਤੇ ਇਹ ਹੀ ਵੱਡਾ ਕਾਰਨ ਹੈ ਕਿ ਲੋਕਲ ਸਿਆਸਤ ਵਿਚ ਪੰਜਾਬੀ ਪਾਠਕਾਂ ਦੀ ਰੁਚੀ ਪੈਦਾ ਨਹੀਂ ਹੋ ਸਕੀ. ਉਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਸੁਚੇਤ ਤੌਰ ਤੇ ਵੀ ਇਹ ਕੋਸਿਸ਼ ਕੀਤੀ ਹੈ ਕਿ ਅਮਰੀਕੀ ਰਾਜਨੀਤੀ ਜਾਂ ਅਮਰੀਕੀ ਸਮਾਜ ਦੇ ਮੁਦਿਆਂ ਬਾਰੇ ਆਪਣੇ ਅਖਬਾਰਾਂ ਵਿਚ ਲਿਖੀਏ, ਪਰ ਸਾਡੇ ਪਾਠਕਾਂ ਦੀ ਉਸ ਵਿਚ ਕੋਈ ਦਿਲਚਸਪੀ ਨਹੀਂ ਬਣਦੀ. ਸਾਡੀ ਜਿਸ ਨਵੀਂ ਪੀੜ੍ਹੀ ਦੀ ਲੋਕ ਲੋਕਲ ਮੁਦਿਆਂ ਵਿਚ ਰੁਚੀ ਲੈਂਦੇ ਹਨ, ਉਹ ਪੰਜਾਬੀ ਅਖਬਾਰ ਨਹੀਂ ਪੜ੍ਹਦੀ. ਇਸ ਤਰਾਂ ਦੀ ਸਥਿਤੀ ਨੂੰ ਦੇਖਕੇ ਇਸ ਤਰਾਂ ਲੱਗਦਾ ਹੈ ਕਿ ਜਿਵੇਂ ਪੁਰਾਣੀ ਪੀੜ੍ਹੀ ਦੇ ਨਾਲ ਪੰਜਾਬੀ ਮੀਡੀਆ ਵੀ ਖਤਮ ਹੋ ਜਾਵੇਗਾ. ਕੀ ਅਮਰੀਕਾ ਦੀ ਪੰਜਾਬੀ ਕਮਿਊਨਿਟੀ ਵਿਚ ਵੀ ਕੁੱਝ ਉਸ ਤਰਾਂ ਦੀਆਂ ਤਬਦੀਲੀਆਂ ਆਉਣਗੀਆਂ, ਜਿਸ ਤਰਾਂ ਦੀਆਂ ਕੈਨੇਡਾ ਵਿਚ ਆਈਆਂ, ਉਸ ਬਾਰੇ ਅਜੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ.
2. ਕੈਨੇਡਾ ਦੀ ਸਥਿਤੀ ਵਿਚ ਕੁਝ ਇਸ ਤਰਾਂ ਦੇ ਮੋੜ/ਪਹਿਲੂ ਸਾਹਮਣੇ ਆਏ, ਜਿਹੜੇ ਕਾਫੀ ਦਿਲਚਸਪ ਹਨ. ਅੱਜ ਸਾਡੀ ਕੈਨੇਡਾ ਵਿਚ ਜੰਮੀ ਪਲੀ ਪੀੜ੍ਹੀ ਵੱਡੀ ਹੋ ਚੁੱਕੀ ਹੈ ਤੇ ਉਨਾਂ ਨੇ ਵੀ ਹਰ ਖੇਤਰ ਵਿਚ ਆਪਣੀ ਥਾਂ ਬਣਾਉਣੀ ਸੁਰੂ ਕਰ ਲਈ ਹੈ. ਇਸ ਨਵੀਂ ਪੀੜ੍ਹੀ ਦੀ ਸਿੱਧੇ ਤੌਰ ਪੰਜਾਬੀ ਮੀਡੀਆ ਵਿਚ ਕੋਈ ਖਾਸ ਰੁਚੀ ਨਹੀਂ ਹੈ. ਉਨਾਂ ਦਾ ਮੁਖ ਝੁਕਾਅ ਕੈਨੇਡੀਅਨ ਮੇਨਸਟਰੀਮ ਸਮਾਜ ਨਾਲ ਰਚ ਮਿਚ ਹੋਣ ਵੱਲ ਹੈ. ਪਰ ਸਾਡੀ ਸਮੁਚੀ ਪੰਜਾਬੀ ਕਮਿਊਨਿਟੀ ਵਿਚ ਕਿਉਂਕਿ ਕੈਨੇਡਾ ਵਿਚ ਜੰਮੀ ਪਲੀ ਪੀੜ੍ਹੀ ਅਜੇ ਵੀ ਬਹੁ ਗਿਣਤੀ ਵਿਚ ਨਹੀਂ ਹੈ, ਇਸ ਕਰਕੇ ਇਸ ਪੀੜ੍ਹੀ ਨੂੰ ਵੀ ਪਹਿਲੀ ਪੀੜ੍ਹੀ ਨਾਲ ਅਤੇ ਨਵੇਂ ਆਏ ਪੰਜਾਬੀਆਂ ਨਾਲ ਵਰਤਣਾ ਪੈਂਦਾ ਹੈ. ਇਸ ਗੱਲ ਨੇ ਇਕ ਨਵੀਂ ਸਥਿਤੀ ਪੈਦਾ ਕਰ ਦਿਤੀ ਹੈ.
ਹੋਇਆ ਇਹ ਹੈ ਕਿ ਕੁਝ ਥਾਵਾਂ ਤੇ ਸਾਡੀ ਕਮਿਊਨਿਟੀ ਇਕੱਠੀ ਹੈ ਅਤੇ ਬਹੁਤ ਮਜ਼ਬੂਤ ਹੈ. ਇਸ ਤਰਾਂ ਦੀਆਂ ਥਾਵਾਂ ਤੇ ਉਹ ਰਾਜਨੀਤਕ ਤੌਰ ਤੇ ਵੀ ਬਹੁਤ ਅਹਿਮ ਵੋਟ ਬੈਂਕ ਹੈ ਅਤੇ ਬਿਜ਼ਨਸ ਲਈ ਵੀ ਬਹੁਤ ਅਹਿਮ ਮਾਰਕੀਟ ਹੈ. ਇਕ ਮਾਰਕੀਟ ਗਰੁਪ ਅਤੇ ਇਕ ਵੋਟ ਬੈਂਕ ਦੇ ਤੌਰ ਤੇ ਮੁਲਕ ਦੀ ਮੇਨਸਟਰੀਮ ਰਾਜਨੀਤੀ ਅਤੇ ਮੇਨਸਟਰੀਮ ਕਾਰਪੋਰੇਟ ਅਦਾਰਿਆਂ ਦੀ ਵੀ ਉਸ ਵਿਚ ਦਿਲਚਸਪੀ ਹੈ. ਇਸ ਮਾਰਕੀਟ ਅਤੇ ਇਸ ਵੋਟ ਬੈਂਕ ਤੱਕ ਪਹੁੰਚ ਕਰਨ ਲਈ ਜਾਂ ਇਸ ਵਿਚ ਆਪਣਾ ਅਧਾਰ ਬਣਾਉਣ ਲਈ ਮੇਨਸਟਰੀਮ ਰਾਜਨੀਤੀ ਅਤੇ ਬਿਜ਼ਨਸ ਨੇ ਪੰਜਾਬੀ ਜੁਬਾਨ ਦੀ ਇਕ ਮਾਧਿਅਮ ਦੇ ਤੌਰ ਤੇ ਲੋੜ ਨੂੰ ਸਵੀਕਾਰ ਕਰ ਲਿਆ ਹੈ. ਇਸ ਨੇ ਪੰਜਾਬੀ ਮੀਡੀਆ ਵਿਚ ਵੀ ਇਕ ਨਵੀਂ ਰੂਹ ਫੂਕੀ ਅਤੇ ਮੇਨਸਟਰੀਮ ਸਮਾਜ ਨਾਲ ਪੰਜਾਬੀ ਮੀਡੀਆ ਦਾ ਰਿਸ਼ਤਾ ਸਥਾਪਤ ਕਰਨ ਲਈ ਇਕ ਮਜ਼ਬੂਤ ਅਧਾਰ ਸਥਾਪਤ ਕੀਤਾ. ਕੈਨੇਡਾ ਦੇ ਸਰਕਾਰੀ ਅਦਾਰੇ, ਹੋਰ ਏਜੰਸੀਆਂ ਅਤੇ ਬਿਜ਼ਨਸ ਕਾਰਪੋਰੇਸ਼ਨਾਂ ਹੁਣ ਪੰਜਾਬੀ ਮੀਡੀਆ ਨੂੰ ਆਪਣੇ ਇਸਿਤਹਾਰ ਵੀ ਦਿੰਦੇ ਹਨ ਅਤੇ ਇਸ ਵਿਚ ਆਪਣੀਆਂ ਗਤੀਵਿਧੀਆਂ ਦੀ ਕਵਰੇਜ ਵੀ ਚਾਹੁੰਦੇ ਹਨ. ਇਸ ਤੋਂ ਇਲਾਵਾ ਸਾਡੇ ਆਪਣੇ ਲੋਕਾਂ ਦੀ ਕੈਨੇਡੀਅਨ ਰਾਜਨੀਤੀ ਵਿਚ ਸ਼ਮੂਲੀਅਤ ਵੀ ਕਾਫੀ ਵਧ ਚੁੱਕੀ ਹੈ. ਮੁਲਕ ਦੀ ਫੈਡਰਲ ਪਾਰਲੀਮੈਂਟ ਵਿਚ 9 ਪੰਜਾਬੀ ਮੂਲ ਦੇ ਮੈਂਬਰ ਹਨ ਅਤੇ ਦੋ ਮਨਿਸਟਰ ਹਨ. ਇਸੇ ਤਰਾਂ ਸੂਬਾਈ ਸਰਕਾਰਾਂ ਅਤੇ ਸਿਟੀ ਕੌਂਸਲਾਂ ਵਿਚ ਪੰਜਾਬੀ ਨੁਮਾਇੰਦਗੀ ਵੀ ਕਾਫੀ ਜਿਆਦਾ ਹੈ. ਇਸ ਨਾਲ ਕੈਨੇਡੀਅਨ ਪੰਜਾਬੀ ਮੀਡੀਆ ਹੁਣ ਉਸ ਸਟੇਜ ਚੋਂ ਬਿਲਕੁੱਲ ਬਾਹਰ ਆ ਚੁੱਕਾ ਹੈ, ਜਦੋਂ ਇਹ ਸਿਰਫ ਪੰਜਾਬ ਜਾਂ ਇੰਡੀਆ ਦੀਆਂ ਖਬਰਾਂ ਦੇਣ ਦਾ ਸਾਧਨ ਸੀ। ਹੁਣ ਇਥੇ ਵੀ ਬਹੁਤ ਕੁੱਝ ਅਜਿਹਾ ਵਾਪਰ ਰਿਹਾ ਹੈ, ਜਿਸ ਨੇ ਸਾਡੇ ਲੋਕਾਂ ਦਾ ਮਨ ਲਾ ਰੱਖਿਆ ਹੈ.
ਪਿਛਲੇ ਸਾਲਾਂ ਦੌਰਾਨ ਕੁੱਝ ਇਸ ਤਰਾਂ ਦੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਬਾਰੇ ਕੁਝ ਦਹਾਕੇ ਪਹਿਲਾਂ ਅਸੀਂ ਸੁਪਨਾ ਵੀ ਨਹੀਂ ਸੀ ਲੈ ਸਕਦੇ. ਇਸ ਸਬੰਧ ਵਿਚ ਮੈਂ ‘ਹਾਕੀ ਨਾਈਟ ਇਨ ਕੈਨੇਡਾ’ ਦੇ ਪੰਜਾਬੀ ਪ੍ਰਸਾਰਨ ਦਾ ਜਿਕਰ ਕਰਨਾ ਚਾਹਾਂਗਾ. ਪੰਜਾਬੀ ਭਾਸਾ ਦੇ ਵਿਕਾਸ ਅਤੇ ਇਸ ਦੀ ਗਲੋਬਲ ਸਵੀਕ੍ਰਿਤੀ ਦੇ ਪੱਖ ਤੋਂ ਇਹ ਇਹ ਬਹੁਤ ਵੱਡੀ ਅਤੇ ਅਹਿਮ ਘਟਨਾ ਹੈ, ਜਿਸ ਤੋਂ ਪੰਜਾਬ ਦੇ ਪੰਜਾਬੀ ਨਾਲ ਜੁੜੇ ਅਦਾਰੇ ਅਜੇ ਤੱਕ ਨਾਵਾਕਫ ਜਾਪਦੇ ਹਨ.
ਹਾਕੀ (ਆਈਸ ਹਾਕੀ) ਕੈਨੇਡਾ ਦੀ ਨੈਸ਼ਨਲ ਖੇਡ ਹੈ ਅਤੇ ਉਸੇ ਤਰਾਂ ਪੌਪੂਲਰ ਹੈ, ਜਿਵੇਂ ਇੰਡੀਆ ਵਿਚ ਕ੍ਰਿਕਟ ਹੈ. ਕੈਨੇਡਾ ਦੇ ਨੈਸ਼ਨਲ ਟੀ ਵੀ ਨੈਟਵਰਕ ‘ਸੀ ਬੀ ਸੀ’ ਤੇ ਹਾਕੀ ਨਾਈਟ ਇਨ ਕੈਨੇਡਾ ਦਾ ਪ੍ਰਸਾਰਨ ਕਈ ਸਾਲਾਂ ਤੋਂ ਹੋ ਰਿਹਾ ਹੈ ਅਤੇ ਕੁਝ ਸਾਲ ਪਹਿਲਾਂ ਹਾਕੀ ਨਾਈਟ ਇਨ ਕੈਨੇਡਾ ਦਾ ਪੰਜਾਬੀ ਪ੍ਰਸਾਰਨ ਵੀ ਸੁਰੂ ਕੀਤਾ ਗਿਆ. ਅੰਗਰੇਜੀ ਅਤੇ ਫਰੈਂਚ ਤੋਂ ਬਾਅਦ ਪੰਜਾਬੀ ਇਕੋ ਇਕ ਤੀਸਰੀ ਕੈਨੇਡੀਅਨ ਭਾਸਾ ਸੀ, ਜਿਸ ਵਿਚ ਇਸ ਦਾ ਪ੍ਰਸਾਰਨ ਸੁਰੂ ਕੀਤਾ ਗਿਆ ਸੀ. ਇਹ ਮੁਢਲਾ ਉਪਰਾਲਾ ਸੀ ਅਤੇ ਭਾਸਾ ਪੱਖੋਂ ਇਸ ਵਿਚ ਜਿਆਦਾ ਪਕਿਆਈ ਨਹੀ ਸੀ. ਹੁਣ ਇਸ ਵਿਚ ਇੱਕ ਵੱਡਾ ਮੋੜ ਆਇਆ ਹੈ. ਐਨ ਏਚ ਐਲ ਨੌਰਥ ਅਮਰੀਕਾ ਵਿਚ ਪ੍ਰੋਫੈਸ਼ਨਲ ਹਾਕੀ ਦੀ ਸਭ ਤੋਂ ਵੱਡੀ ਲੀਗ ਹੈ ਅਤੇ ਇੰਡੀਆ ਦੀ ਆਈ ਪੀ ਐਲ ਦੀ ਤਰਾਂ ਇਕ ਵੱਡੀ ਸਪੋਰਟਸ ਸੰਸਥਾ ਹੈ. ਹਾਕੀ ਦੇ ਮੀਡੀਆ ਬਰਾਡਕਾਸਟ ਲਈ ਹੁਣ ਐਨ ਏਚ ਐਲ ਦੁਆਰਾ ਕੈਨੇਡਾ ਦੇ ਇਕ ਵੱਡੇ ਮੀਡੀਆ ਅਤੇ ਟੈਲੀਕੌਮ ਅਦਾਰੇ ਰੌਜ਼ਰਜ਼ ਨਾਲ 12 ਸਾਲ ਦੀ ਸੰਧੀ ਕੀਤੀ ਗਈ ਹੈ. ਪੰਜ ਬਿਲੀਅਨ ਦੀ ਇਹ ਬਾਰਾਂ ਸਾਲਾ ਸੰਧੀ ਸਪੋਰਟਸ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਡਕਾਸਟ ਰਾਈਟਸ ਸੰਧੀ ਹੈ। ਰੌਜਰਜ਼ ਦੁਆਰਾ ਹੁਣ ਹਾਕੀ ਦੇ ਪ੍ਰਸਾਰਨ ਵਿਚ ਕੁਝ ਵੱਡੀਆ ਤਬਦੀਲੀਆਂ ਲਿਆਂਦੀਆਂ ਗਈਆਂ ਹਨ. ਇਸ ਦੁਆਰਾ ਆਪਣੇ ਇਸ ਨਵੇਂ ਹਾਕੀ ਪੈਕੇਜ ਵਿਚ ਹਾਕੀ ਨਾਈਟ ਇਨ ਕੈਨੇਡਾ ਦਾ ਪੰਜਾਬੀ ਪ੍ਰਸਾਰਨ ਨਵੇਂ ਰੂਪ ਵਿਚ ਨੈਟਵਰਕ ਦੇ ਇਕ ਚੈਨਲ ‘ ਔਮਨੀ’ ਤੇ ਸੁਰੂ ਕੀਤਾ ਗਿਆ ਹੈ. ਪੰਜਾਬੀ ਇਕੋ ਇਕ ‘ਇਮੀਗਰੰਟ’ ਅਤੇ ਏਸੀਅਨ ਭਾਸਾ ਹੈ, ਜਿਸ ਵਿਚ ਇਹ ਪ੍ਰਸਾਰਨ ਹੋ ਰਿਹਾ ਹੈ. ਇਸ ਪਲੈਟਫਾਰਮ ਤੇ ਹੋ ਰਿਹਾ ਇਹ ਹਾਕੀ ਪ੍ਰਸਾਰਨ ਇੰਟਰਨੈਸ਼ਨਲ ਮਿਆਰਾਂ ਵਾਲਾ ਖੇਡ ਪ੍ਰਸਾਰਨ ਹੈ. ਇਕ ਇੰਟਰਨੈਸ਼ਨਲ ਪ੍ਰੋਫੈਸ਼ਨਲ ਖੇਡ ਦਾ ਇਸ ਤਰਾਂ ਦਾ ਪੰਜਾਬੀ ਵਿਚ ਮਿਆਰੀ ਪ੍ਰਸਾਰਨ ਕੁਝ ਸਾਲ ਪਹਿਲਾਂ ਤੱਕ ਸਾਨੂੰ ਪੰਜਾਬੀ ਨਾਲ ਜੁੜੇ ਲੋਕਾਂ ਨੂੰ ਇਕ ਅਸੰਭਵ ਚੀਜ਼ ਲੱਗਦਾ ਸੀ. ਇੰਡੀਆ ਪੰਜਾਬੀ ਦੀ ਜਨਮਭੂਮੀ ਹੈ ਅਤੇ ਅਸੀਂ ਇੰਡੀਆ ਵਿਚ ਵੀ ਇਹ ਉਮੀਦ ਨਹੀਂ ਰੱਖ ਸਕਦੇ ਕਿ ਕਿਸੇ ਵੱਡੀ ਨੈਸ਼ਨਲ ਸਪੋਰਟਸ ਦਾ ਪੰਜਾਬੀ ਵਿਚ ਪ੍ਰਸਾਰਨ ਹੋਵੇ. ਉਸਦੇ ਕੁਝ ਹੋਰ ਕਾਰਨ ਵੀ ਹਨ ਪਰ ਜਿਥੋਂ ਤੱਕ ਕੈਨੇਡਾ ਵਿਚ ਹਾਕੀ ਪ੍ਰਸਾਰਨ ਦੀ ਗੱਲ ਹੈ, ਇਸ ਨੇ ਪੰਜਾਬੀ ਜੁਬਾਨ ਅਤੇ ਪੰਜਾਬੀ ਮੀਡੀਆ ਦਾ ਕੈਨੇਡੀਅਨ ਸਮਾਜ ਅਤੇ ਕਲਚਰ ਨਾਲ ਇਕ ਨਵੀਂ ਤਰਾਂ ਦਾ ਰਿਸ਼ਤਾ ਸਥਾਪਤ ਕੀਤਾ ਹੈ. ਕੈਨੇਡਾ ਵਿਚ ਪੰਜਾਬੀ ਇਸ ਵੇਲੇ ਇਸ ਪੱਧਰ ਤੇ ਹੈ ਕਿ ਕੈਨੇਡਾ ਦੇ ਮੇਨਸਟਰੀਮ ਮੀਡੀਆ ਅਦਾਰਿਆਂ ਨੇ ਵੀ ਪੰਜਾਬੀ ਜੁਬਾਨ ਵਿਚ ਮੀਡੀਆ ਨੂੰ ਇਕ ਬਿਜ਼ਨਸ ਸੰਭਾਵਨਾ ਦੇ ਤੌਰ ਤੇ ਦੇਖਣਾ ਸੁਰੂ ਕਰ ਦਿਤਾ ਹੈ. ਭੁਪਿੰਦਰ ਹੁੰਦਲ ਕੈਨੇਡਾ ਵਿਚ ਪੰਜਾਬੀ ਮੂਲ ਦੇ ਸਭ ਤੋਂ ਸੀਨੀਅਰ ਮੀਡੀਆ ਅਗਜੈਕਟਿਵ ਹਨ ਅਤੇ ਔਮਨੀ ਦੇ ਨਿਊਜ਼ ਮੈਨੇਜਰ ਹਨ. ਉਹ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਐਡੀਸ਼ਨ ਦੇ ਹੋਸਟ/ਮੈਨੇਜਰ ਵੀ ਹਨ. ਉਨਾਂ ਦਾ ਕਹਿਣਾ ਹੈ ਕਿ ਚਾਹੇ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਹੋਵੇ ਅਤੇ ਚਾਹੇ ਔਮਨੀ ਦੀਆਂ ਪੰਜਾਬੀ ਨਿਊਜ਼, ਇਸ ਨੇ ਕੈਨੇਡੀਅਨ ਸਮਾਜ ਵਿਚ ਪੰਜਾਬੀ ਬੋਲੀ ਨੂੰ ਇਕ ਨੈਸ਼ਨਲ ਪਛਾਣ ਦਿਤੀ ਹੈ. ਨਵੀਂ ਪੀੜ੍ਹੀ ਦੇ ਪੰਜਾਬੀ ਬੱਚੇ ਵੀ ਹੁਣ ਆਪਣੀ ਜੁਬਾਨ ਤੇ ਉਸੇ ਤਰਾਂ ਮਾਣ ਮਹਿਸੂਸ ਕਰਨ ਲੱਗੇ ਹਨ, ਜਿਵੇਂ ਯੂਰਪੀਅਨ ਜੁਬਾਨਾਂ ਵਾਲੇ ਬੱਚੇ ਆਪਣੀਆਂ ਬੋਲੀਆਂ ਤੇ ਕਰਦੇ ਹਨ.
ਕੈਨੇਡਾ ਵਿਚ ਜੰਮੇ ਪਲੇ ਨੌਜਵਾਨਾਂ ਦੀ ਇਹ ਪੀੜ੍ਹੀ ਜਦੋਂ ਪੰਜਾਬੀ ਨਾਲ ਜੁੜਦੀ ਹੈ ਤਾਂ ਸਾਨੂੰ ਇਕ ਨਵੀਂ ਤਾਕਤ ਮਿਲਦੀ ਹੈ. ਮੇਰਾ ਇਹ ਅਨੁਭਵ ਅਤੇ ਸਮਝ ਹੈ ਕਿ ਕੈਨੇਡਾ ਜਾਂ ਦੂਜੇ ਮੁਲਕਾਂ ਵਿਚ ਜੰਮੇ ਪਲੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ, ਪੰਜਾਬੀ ਮੀਡੀਆ ਨੂੰ ਲੋਕਲ ਸਮਾਜ ਨਾਲ ਜੋੜਨ ਅਤੇ ਨਵੀਂ ਪੀੜ੍ਹੀ ਦੇ ਬੱਚਿਆਂ ਵਿਚ ਪੰਜਾਬੀ ਭਾਸਾ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨ ਲਈ ਇੰਡੀਆ ਵਿਚ ਜੰਮੀ ਪਲੀ ਸਾਡੀ ਪੀੜ੍ਹੀ ਦੇ ਲੋਕ ਰੋਲ ਮਾਡਲ ਨਹੀਂ ਬਣ ਸਕਦੇ. ਇਸ ਤਰਾਂ ਦੇ ਰੋਲ ਮਾਡਲ ਪੱਛਮੀ ਮੁਲਕਾਂ ਵਿਚ ਜੰਮੀ ਪਲੀ ਪੀੜ੍ਹੀ ਵਿਚੋਂ ਹੀ ਹੋ ਸਕਦੇ ਸਨ ਅਤੇ ਖੁਸੀ ਦੀ ਗੱਲ ਹੈ ਕਿ ਘੱਟੋ ਘੱਟ ਕੈਨੇਡਾ ਵਿਚ ਇਸ ਤਰਾਂ ਦੇ ਰੋਲ ਮਾਡਲ ਹੁਣ ਪੈਦਾ ਹੋ ਚੁੱਕੇ ਹਨ.
ਪਰਵਾਸੀ ਪੰਜਾਬੀ ਮੀਡੀਆ ਦੇ ਲੋਕਲ ਸਮਾਜ ਨਾਲ ਸਬੰਧ ਵਿਚ ਸਭ ਤੋਂ ਅਹਿਮ ਕੜੀ ਇਨ੍ਹਾਂ ਮੁਲਕਾਂ ਵਿਚ ਜੰਮਣ ਪਲਣ ਵਾਲੀ ਪੰਜਾਬੀ ਪੀੜ੍ਹੀ ਹੀ ਹੈ. ਮੇਰੀ ਕੁਝ ਸਮਾਂ ਪਹਿਲਾਂ ਤੱਕ ਇਹ ਸੋਚ ਰਹੀ ਹੈ ਕਿ ਇੰਡੀਆ ਤੋਂ ਵਿਦੇਸਾਂ ਵਿਚ ਗਈ ਪੰਜਾਬੀ ਪੀੜ੍ਹੀ ਦੇ ਨਾਲ ਹੀ ਪਰਵਾਸੀ ਪੰਜਾਬੀ ਮੀਡੀਆ ਵੀ ਖਤਮ ਹੋ ਜਾਵੇਗਾ. ਮੇਰਾ ਇਹ ਵਿਸ਼ਵਾਸ਼ ਇਸ ਧਾਰਨਾ ਤੇ ਖੜ੍ਹਾ ਸੀ ਕਿ ਇਨ੍ਹਾਂ ਮੁਲਕਾਂ ਵਿਚ ਜੰਮੀ ਪਲੀ ਪੀੜ੍ਹੀ ਦਾ ਪੰਜਾਬੀ ਨਾਲ ਸਬੰਧ ਸੀਮਤ ਹੈ ਅਤੇ ਇਹ ਪੁਰਾਣੀ ਪੀੜ੍ਹੀ ਦੇ ਖਤਮ ਹੋਣ ਨਾਲ ਖਤਮ ਹੋ ਜਾਵੇਗਾ.ਅਮਰੀਕਾ ਦੇ ਪੰਜਾਬੀ ਮੀਡੀਆ ਨੂੰ ਦੇਖਕੇ ਸਾਨੂੰ ਅਜੇ ਵੀ ਇਸੇ ਤਰਾਂ ਲੱਗਦਾ ਹੈ ਪਰ ਯੂ ਕੇ ਦਾ ਪੰਜਾਬੀ ਮਿਉਜ਼ਕ ਅਤੇ ਕੈਨੇਡਾ ਵਿਚ ‘ਹਾਕੀ ਨਾਈਨ ਇਨ ਕੈਨੇਡਾ’ ਦਾ ਪੰਜਾਬੀ ਪ੍ਰਸਾਰਨ ਕੁੱਝ ਅਜਿਹੀਆਂ ਚੀਜਾਂ ਹਨ, ਜਿਨ੍ਹਾਂ ਨੇ ਸਾਡੀ ਇਕ ਲਕੀਰ ਵਿਚ ਸੋਚਣ ਵਾਲੀ ਸਿਧਾਂਤਕ ਸੋਚ ਨੂੰ ਚੈਲੰਜ ਕੀਤਾ ਹੈ ਅਤੇ ਕੁਝ ਨਵੇਂ ਸੁਆਲ ਅਤੇ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ. ਮਿਸਾਲ ਦੇ ਤੌਰ ਤੇ ਕੁਝ ਦੇਰ ਪਹਿਲਾਂ ਤੱਕ ਸਾਨੂੰ ਕੈਨੇਡੀਅਨ ਪੰਜਾਬੀਆਂ ਦਾ ਸਰੀ ਅਤੇ ਬਰੈਂਪਟਨ ਜਿਹੇ ਸ਼ਹਿਰਾਂ ਵਿਚ ਇਕੋ ਥਾਂ ਤੇ ਇਕੱਤਰ ਹੋਈ ਜਾਣਾ ਇਕ ਕਲਚਰਲ ਸਮੱਸਿਆ ਲੱਗਦੀ ਸੀ ਅਤੇ ਅਸੀਂ ਇਸ ਨੂੰ ‘ ਗ੍ਹੈਟੋਆਈਜੇਸ਼ਨ’ ਜਿਹੇ ਸ਼ਬਦਾਂ ਨਾਲ ਬਿਆਨਦੇ ਅਤੇ ਇਸਤੇ ਚਿੰਤਾ ਕਰਦੇ ਸਾਂ. ਪਰ ਇਕੋ ਥਾਂ ਤੇ ਜਮ੍ਹਾ ਹੋਈ ਜਾਣ ਦਾ ਜਿਹੜਾ ਰੁਝਾਨ ਸਾਨੂੰ ਆਪਣੀ ਸੋਚ ਮੁਤਾਬਕ ਸਮੱਸਿਆ ਲੱਗਦਾ ਸੀ, ਉਹ ਬਹੁਤ ਸਾਰੇ ਪੱਖਾਂ ਤੋਂ ਸਾਡੀ ਤਾਕਤ ਬਣ ਗਿਆ. ਇਸ ਬਾਰੇ ਪਹਿਲਾਂ ਅਸੀਂ ਕਦੇ ਇਸ ਤਰਾਂ ਨਹੀਂ ਸੀ ਸੋਚਿਆ. ਅਸੀਂ ਸਿਧਾਂਤਕ ਤੌਰ ਤੇ ਇਸ ਤਰਾਂ ਦੇ ਵਿਕਾਸ ਦਾ ਕਦੇ ਅੰਦਾਜਾ ਨਹੀਂ ਸਾਂ ਲਾ ਸਕਦੇ. ਪਰ ਜੀਵਨ ਦੀਆਂ ਹਕੀਕਤਾਂ ਅਤੇ ਇਸਦੇ ਮੋੜ ਕਿਸੇ ਵੀ ਸਿਧਾਂਤਕਾਰੀ ਨਾਲੋਂ ਜਿਆਦਾ ਗੁੰਝਲਦਾਰ ਅਤੇ ਭੇਤਭਰੇ ਹਨ.