ਪਰਵਾਸੀ ਪੰਜਾਬੀ ਸਮਾਜ ਵਿਚ ਪੀੜ੍ਹੀਆਂ ਦਾ ਪਾੜਾ
ਪਰਵਾਸੀ ਪੰਜਾਬੀ ਸਮਾਜ ਵਿਚ ਪੀੜ੍ਹੀਆਂ ਦਾ ਪਾੜਾ ਇੱਕ ਅਜਿਹੀ ਸਮੱਸਿਆ ਹੈ, ਜਿਸ ਦੀ ਗੰਭੀਰਤਾ ਦਾ ਅੰਦਾਜ਼ਾ ਪੰਜਾਬ ਵਿਚ ਰਹਿੰਦਿਆਂ ਨਹੀਂ ਲੱਗ ਸਕਦਾ। ਇਸ ਤਰਾਂ ਦਾ ਪਾੜਾ ਭਾਵੇਂ ਪੰਜਾਬ ਵਿਚ ਵੀ ਹੈ ਪਰ ਉਸ ਤਰਾਂ ਦਾ ਨਹੀਂ ਹੋ ਸਕਦਾ, ਜਿਸ ਤਰਾਂ ਦਾ ਪਰਵਾਸੀ ਪੰਜਾਬੀਆਂ ਵਿਚ ਹੈ। ਪਰਵਾਸੀ ਪੰਜਾਬ ਦੇ ਕੁੱਝ ਹਿੱਸਿਆਂ ਵਿੱਚ ਤਾਂ ਇਹ ਖਤਰਨਾਕ ਹੱਦ ਤੱਕ ਵੱਡਾ ਹੈ। ਇਸਦੇ ਪ੍ਰਭਾਵਾਂ ਨੂੰ ਸਮਝਣਾ ਵੀ ਅਧਿਐਨ ਦਾ ਦਿਲਚਸਪ ਵਿਸ਼ਾ ਹੈ। ਮੈਂ ਆਪਣੀਆਂ ਧਾਰਨਾਵਾਂ ਨੂੰ ਕੈਨੇਡਾ ਦੇ ਅਨੁਭਵ ਤੱਕ ਸੀਮਤ ਰੱਖਾਂਗਾ। ਪਰ ਦੂਜੀਆਂ ਥਾਵਾਂ ਤੇ ਇਸ ਵਿੱਚ ਕਾਫੀ ਸਮਾਨਤਾਵਾਂ ਹਨ।
ਪੰਜਾਬ ਦੇ ਪਿੰਡਾਂ ਵਿੱਚੋਂ ਬਹੁਤ ਸਾਰੇ ਅਜਿਹੇ ਪਰਿਵਾਰ ਕੈਨੇਡਾ ਆਏ ਹਨ, ਜਾਂ ਅਜੇ ਵੀ ਆ ਰਹੇ ਹਨ, ਜਿਨ੍ਹਾਂ ਦਾ ਆਪਣੇ ਪਿੰਡ ਦੀ ਦੁਨੀਆ ਤੋਂ ਬਾਹਰ ਬਹੁਤ ਹੀ ਘੱਟ ਵਾਹ ਪਿਆ ਹੁੰਦਾ ਹੈ। ਇਨ੍ਹਾਂ ਪਰਿਵਾਰਾਂ ਲਈ ਦਿੱਲੀ ਜਾਂ ਚੰਡੀਗੜ੍ਹ ਵਰਗੇ ਸ਼ਹਿਰ ਵੀ ਬਹੁਤ ਦੂਰ ਹੁੰਦੇ ਹਨ। ਇਨ੍ਹਾਂ ਪਰਿਵਾਰਾਂ ਦੇ ਕੁੱਝ ਮੈਂਬਰ ਤਾਂ ਸ਼ਾਇਦ ਕਦੇ ਦਿੱਲੀ ਜਾਂ ਚੰਡੀਗੜ੍ਹ ਤੱਕ ਵੀ ਨਹੀਂ ਗਏ ਹੁੰਦੇ। ਕਿਸੇ ਪਰਿਵਾਰਕ ਸਪੌਂਸਰਸ਼ਿਪ ਸਦਕਾ ਜਾਂ ਕਿਸੇ ਹੋਰ ਤਰੀਕੇ ਨਾਲ ਅਜਿਹੇ ਪਰਿਵਾਰ ਅਚਾਨਕ ਕੈਨੇਡਾ ਪਹੁੰਚ ਜਾਂਦੇ ਹਨ। ਇਹ ਇਸ ਤਰਾਂ ਦੀ ਤਬਦੀਲੀ ਹੁੰਦੀ ਹੈ, ਜਿਵੇਂ ਤੁਸੀਂ ਕੇਰਲਾ ਤੋਂ ਵੱਡਾ ਹੋਇਆ ਇਕ ਨਾਰੀਅਲ ਦਾ ਦਰਖਤ ਲਿਆਓ ਤੇ ਪੰਜਾਬ ਵਿਚ ਲਾ ਦਿਓ। ਨਾਰੀਅਲ ਦਾ ਕੀ ਬਣੇਗਾ, ਮੈਨੂੰ ਇਸ ਦਾ ਨਹੀਂ ਪਤਾ ਪਰ ਪੰਜਾਬ ਦੇ ਪਿੰਡਾਂ ਚੋਂ ਆਏ ਇਹ ਪਰਿਵਾਰ ਕਿਵੇਂ ਨਾ ਕਿਵੇਂ ਕੈਨੇਡਾ ਵਿੱਚ ਜੜ੍ਹ ਫੜ ਲੈਂਦੇ ਹਨ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਤਬਦੀਲੀ ਇਨ੍ਹਾਂ ਇਨਸਾਨਾਂ ਦੇ ਤਨਾਂ, ਮਨਾਂ ਅਤੇ ਰਿਸ਼ਤਿਆਂ ਲਈ ਕਿੰਨੀ ਭਾਰੀ ਹੁੰਦੀ ਹੋਵੇਗੀ। ਇਸ ਤਰਾਂ ਦੇ ਪਰਿਵਾਰਾਂ ਨਾਲ ਛੋਟੇ ਬੱਚੇ ਜਾਂ ਟੀਨੇਜਰ ਵੀ ਆਉਂਦੇ ਹਨ। ਸਭ ਤੋਂ ਚੁਣੌਤੀਪੂਰਨ ਅਤੇ ਤਣਾਅ ਵਾਲੀ ਸਥਿਤੀ ਇਨ੍ਹਾਂ ਬੱਚਿਆਂ ਦੀ ਹੈ। ਪੰਜਾਬ ਚੋਂ ਪਿੰਡ ਦਾ ਸਕੂਲ ਛੱਡਕੇ ਆਏ ਬੱਚੇ ਜਦੋਂ ਕੈਨੇਡਾ ਦੇ ਸਕੂਲ ਵਿੱਚ ਪੜ੍ਹਨ ਜਾਂਦੇ ਹਨ ਤਾਂ ਉਨ੍ਹਾਂ ਦਾ ਸਾਹਮਣਾ ਇੱਕ ਬਿੱਲਕੁੱਲ ਹੀ ਵੱਖਰੇ ਸੰਸਾਰ ਨਾਲ ਹੁੰਦਾ ਹੈ। ਇਨ੍ਹਾਂ ਮਾਸੂਮਾਂ ਲਈ ਇਹ ਟੱਕਰ ਐਨੀ ਅਸਾਨ ਨਹੀਂ ਹੁੰਦੀ, ਜਿੰਨੀ ਦੂਰੋਂ ਬੈਠਕੇ ਲੱਗਦੀ ਹੋਵੇਗੀ। ਇਨ੍ਹਾਂ ਪਰਿਵਾਰਾਂ ਵਿੱਚ ਜਿਹੜੇ ਬੱਚੇ ਇਥੇ ਪੈਦਾ ਹੁੰਦੇ ਹਨ, ਉਨ੍ਹਾਂ ਦੀ ਹਾਲਤ ਵੀ ਕੋਈ ਜ਼ਿਆਦਾ ਵੱਖਰੀ ਨਹੀਂ ਹੁੰਦੀ। ਪੰਜ-ਸੱਤ ਸਾਲ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਵੀ ਇਨ੍ਹਾਂ ਪਰਿਵਾਰਾਂ ਦੇ ਰਹਿਣ ਸਹਿਣ ਵਿੱਚ ਕੋਈ ਇਨਕਲਾਬੀ ਤਬਦੀਲੀ ਨਹੀਂ ਆਉਂਦੀ। ਸਿਰਫ ਕਾਰਾਂ ਅਤੇ ਮਕਾਨਾਂ ਨਾਲ ਪਰਿਵਾਰਾਂ ਦੇ ਕਲਚਰ ਨਹੀਂ ਬਦਲਦੇ। ਇਥੇ ਇੱਕ ਹੋਰ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ। ਮੈਂ ਨਾ ਇਥੇ ਪੰਜਾਬ ਦੇ ਪਿੰਡਾਂ ਦੇ ਕਲਚਰ ਨੂੰ ਛੁਟਿਆ ਰਿਹਾ ਹਾਂ ਅਤੇ ਨਾ ਕੈਨੇਡੀਅਨ ਕਲਚਰ ਦੀ ਵਡਿਆਈ ਕਰ ਰਿਹਾ ਹਾਂ। ਅਸਲੀਅਤ ਤਾਂ ਇਹ ਹੈ ਕਿ ਬਹੁਤ ਸਾਰੇ ਪੱਖਾਂ ਤੋਂ ਮੈਨੂੰ ਪੰਜਾਬ ਦੇ ਪਿੰਡਾਂ ਦਾ ਕਲਚਰ ਕਿਸੇ ਵੀ ਸ਼ਹਿਰੀ ਕਲਚਰ ਨਾਲੋਂ ਮਜ਼ਬੂਤ ਲੱਗਦਾ ਹੈ। ਇਸ ਲੇਖ ਦਾ ਮਕਸਦ ਇਸ ਕਲਚਰਲ ਕਸ਼ਮਕਸ਼ ਦੇ ਪ੍ਰਭਾਵਾਂ ਨੂੰ ਦੇਖਣਾ ਜਾਂ ਸਮਝਣਾ ਹੈ।
ਸਾਨੂੰ ਇਸ ਗੱਲ ਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਬੱਚਿਆਂ ਦੇ ਘਰ ਦੀ ਦੁਨੀਆ ਅਤੇ ਇਨ੍ਹਾਂ ਦੇ ਸਕੂਲ ਦੀ ਦੁਨੀਆ ਵਿੱਚ ਐਨਾ ਪਾੜਾ ਹੈ ਕਿ ਜਿਸ ਨੂੰ ਸਿਰਫ ਇਹ ਬੱਚੇ ਹੀ ਮਹਿਸੂਸ ਕਰ ਸਕਦੇ ਹਨ। ਦੂਰ ਬੈਠੇ ਲੋਕ ਇਨ੍ਹਾਂ ਦੀ ਇਸ ਸਮੱਸਿਆ ਨੂੰ ਨਹੀਂ ਸਮਝ ਸਕਦੇ। ਮਾਂ-ਪਿਓ ਬਿੱਲਕੁੱਲ ਉਸੇ ਤਰਾਂ ਦੇ ਹੁੰਦੇ ਹਨ, ਜਿਵੇਂ ਉਹ ਪੰਜਾਬ ਦੇ ਪਿੰਡਾਂ ਵਿਚ ਹੁੰਦੇ ਸਨ ਅਤੇ ਸਕੂਲ ਦੀ ਦੁਨੀਆ ਬਿਲਕੁੱਲ ਹੋਰ ਹੁੰਦੀ ਹੈ। ਇਹ ਪਾੜਾ ਇਨ੍ਹਾਂ ਬੱਚਿਆਂ ਦੀ ਮਾਨਸਿਕਤਾ ਤੇ ਕਈ ਤਰਾਂ ਦੇ ਭਾਰ ਪਾਉਂਦਾ ਹੈ। ਬੱਚੇ ਹਰ ਰੋਜ਼ ਇਸ ਤਬਦੀਲੀ ਨਾਲ ‘ਗਰਮ-ਸਰਦ’ ਹੁੰਦੇ ਹਨ। ਕਈ ਬੱਚੇ ਤਰਾਂ ਤਰਾਂ ਦੀਆਂ ਹੀਣ-ਭਾਵਨਾਵਾਂ ਪਾਲ ਲੈਂਦੇ ਹਨ। ਕਈਆਂ ਲਈ ਇਹ ਗੰਢਾਂ ਉਨ੍ਹਾਂ ਦੇ ਜੀਵਨ ਦੇ ਤੰਦਰੁਸਤ ਵਿਕਾਸ ਵਿਚ ਰੁਕਾਵਟ ਬਣ ਜਾਂਦੀਆਂ ਹਨ। ਕਈ ਭਟਕ ਵੀ ਜਾਂਦੇ ਹਨ।
ਜਿਹੜੇ ਬੱਚੇ ਇਸ ਤਰਾਂ ਦੇ ਮਹੌਲ ਵਿਚ ਵੱਡੇ ਹੋਏ, ਉਨ੍ਹਾਂ ਵਿਚੋਂ ਕੁੱਝ ਕੁ ਦੇ ਅਨੁਭਵ ਮੈਂ ਇਥੇ ਸਾਂਝੇ ਕਰਨੇ ਚਾਹੁੰਦਾ ਹਾਂ। ਇਹ ਇਸ ਸਮੱਸਿਆ ਦੀ ਇੱਕ ਛੋਟੀ ਜਿਹੀ ਝਲਕ ਹੀ ਪੇਸ਼ ਕਰਦੇ ਹਨ:
ਇੱਕ ਨੌਜਵਾਨ ਨੇ ਆਪਣੇ ਬਚਪਨ ਦੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਸ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਉਸਦੇ ਮਾਂ-ਬਾਪ ਉਸਦੇ ਸਕੂਲ ਨਾ ਆਉਣ। ਉਸ ਦੇ ਮਨ ਵਿਚ ਇਹ ਹੀਣ ਭਾਵਨਾ ਸੀ ਕਿ ਉਸਦੇ ਮਾਂ ਬਾਪ ਜਿਸ ਤਰਾਂ ਦੇ ਕੱਪੜੇ ਪਾਉਂਦੇ ਹਨ ਅਤੇ ਜਿਸ ਤਰੀਕੇ ਨਾਲ ਗੱਲ ਕਰਦੇ ਹਨ, ਉਸ ਨੂੰ ਦੇਖਦਿਆਂ ਉਸ ਨੂੰ ਦੂਜੇ ਬੱਚਿਆਂ ਦੇ ਸਾਹਮਣੇ ਸ਼ਰਮ ਆਉਂਦੀ ਸੀ। ਇਸ ਕਰਕੇ ਉਸਦੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਸੀ ਕਿ ਉਸਦੇ ਮਾਂ ਬਾਪ ਕਦੇ ਵੀ ਉਸਦੇ ਸਕੂਲ ਨਾ ਆਉਣ ਅਤੇ ਨਾ ਹੀ ਉਸਦੇ ਟੀਚਰ ਨੂੰ ਮਿਲਣ। ਮੈਂ ਸੋਚ ਰਿਹਾ ਸੀ ਕਿ ਜਦੋਂ ਕਦੇ ਉਸਦੇ ਮਾਂ ਬਾਪ ਸਕੂਲ ਪਹੁੰਚ ਹੀ ਜਾਂਦੇ ਹੋਣਗੇ ਤਾਂ ਵਿਚਾਰਾ ਉਸ ਹਾਲਤ ਨੂੰ ਕਿਵੇਂ ਸੰਭਾਲਦਾ ਹੋਵੇਗਾ। ਮਾਂ-ਪਿਓ ਦਾ ਸਕੂਲ ਆਉਣਾ ਹੋਰ ਬੱਚਿਆਂ ਲਈ ਇੱਕ ਨੌਰਮਲ ਅਨੁਭਵ ਸੀ ਪਰ ਉਸ ਵਾਸਤੇ ਤਣਾਅ ਅਤੇ ਸ਼ਰਮਸ਼ਾਰੀ , ਜਿਸ ਬਾਰੇ ਉਹ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦਾ।
ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਉਸਦੀ ਮਾਂ ਜਦੋਂ ਸਲਵਾਰ-ਕਮੀਜ਼ ਪਾਕੇ ਕਿਸੇ ਸ਼ੌਪਿੰਗ ਪਲਾਜੇ ਵਿੱਚ ਜਾਂਦੀ ਸੀ ਤਾਂ ਉਸ ਨੂੰ ਬੜੀ ਸ਼ਰਮ ਆਉਂਦੀ ਸੀ ਅਤੇ ਉਹ ਮਾਂ ਦੇ ਨਾਲ ਜਾਂਦਾ ਵੀ ਆਪਣੇ ਆਪ ਵਿੱਚ ਲੁਕਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਉਸਨੇ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਉਸਦੀ ਮਾਂ ਸਕੂਲ ਭੇਜਣ ਵੇਲੇ ਲੰਚ ਵਾਸਤੇ ਉਸ ਲਈ ਪਰੌਂਠੇ ਅਤੇ ਅਚਾਰ ਪਾ ਦਿੰਦੀ ਸੀ ਅਤੇ ਜਦੋਂ ਲੰਚ ਦੇ ਟਾਈਮ ਉਹ ਆਪਣਾ ਡੱਬਾ ਖੋਲਦਾ ਤਾਂ ਸਾਰੀ ਕਲਾਸ ਉਸ ਵੱਲ ਅਜੀਬ ਤਰੀਕੇ ਨਾਲ ਦੇਖਦੀ। ਕਾਫੀ ਦੇਰ ਬਾਅਦ ਉਸ ਨੂੰ ਇਸ ਦਾ ਕਾਰਨ ਸਮਝ ਆਇਆ।
ਬੱਚਿਆਂ ਦਾ ਇਹ ਵਤੀਰਾ ਦੂਰੋਂ ਦੇਖਣ ਨੂੰ ਭਾਵੇਂ ਕਿੰਨਾ ਵੀ ਗਲਤ ਜਾਂ ਅਜੀਬ ਲੱਗੇ ਪਰ ਅਸਲੀਅਤ ਇਹ ਹੈ ਕਿ ਉਹ ਆਪਣੇ ਸਾਹਮਣੇ ਆਈ ਕਿਸੇ ਸਥਿਤੀ ਤੇ ਪ੍ਰਤੀਕਰਮ ਕਰ ਰਹੇ ਹੁੰਦੇ ਹਨ। ਉਨ੍ਹਾਂ ਤੋਂ ਅਸੀਂ ਬਹੁਤ ਪ੍ਰੌੜ੍ਹ ਵਰਤਾਓ ਦੀ ਉਮੀਦ ਨਹੀਂ ਰੱਖ ਸਕਦੇ। ਪਰ ਮਾਂ-ਪਿਓ ਵੀ ਉਨ੍ਹਾਂ ਦੀ ਇਸ ਸਥਿਤੀ ਨੂੰ ਪ੍ਰੌੜ੍ਹਤਾ ਨਾਲ ਸਮਝਣ ਦੀ ਸਥਿਤੀ ਵਿੱਚ ਨਹੀਂ ਹੁੰਦੇ ਅਤੇ ਉਹ ਆਪਣੇ ਤਰੀਕੇ ਨਾਲ ਪ੍ਰਤੀਕਰਮ ਕਰਦੇ ਹਨ। ਕਈਆਂ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਹੈ ਕਿ ਉਨ੍ਹਾਂ ਦੇ ਆਪਣੇ ਹੀ ਬੱਚੇ ਉਨ੍ਹਾਂ ਤੋਂ ਸ਼ਰਮਸ਼ਾਰ ਮਹਿਸੂਸ ਕਰਦੇ ਹਨ। ਕਈਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਇੱਜ਼ਤ ਨਹੀਂ ਕਰਦੇ ਅਤੇ ਇਸ ਤੋਂ ਪ੍ਰੇਸ਼ਾਨ ਹੋਏ ਮਾਂ-ਪਿਓ ਬੱਚਿਆਂ ਨੂੰ ਤਾਅਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਹਨ। ਦੋਵੇਂ ਧਿਰਾਂ ਨੂੰ ਲੱਗ ਰਿਹਾ ਹੈ ਕਿ ਦੂਜਾ ਉਨ੍ਹਾਂ ਦੇ ਮਨ ਦੀ ਹਾਲਤ ਨੂੰ ਨਹੀਂ ਸਮਝ ਰਿਹਾ। ਇਥੋਂ ਹੀ ਤਣਾਅ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।
ਪੰਜਾਬੀ ਮਾਂ-ਪਿਓ ਦਾ ਬੱਚਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਵੀ ਇਨ੍ਹਾਂ ਬੱਚਿਆਂ ਨੂੰ ਹੌਲੀ ਹੌਲੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ। ਪੰਜਾਬ ਦੇ ਪੇਂਡੂ ਮਹੌਲ ਵਿਚੋਂ ਆਏ ਲੋਕ ਅਕਸਰ ਬੱਚਿਆਂ ਨਾਲ ਰੋਹਬ ਨਾਲ ਗੱਲ ਕਰਦੇ ਹਨ। ਉਨ੍ਹਾਂ ਦਾ ਲਹਿਜ਼ਾ ਹਮੇਸ਼ਾ ਬੱਚਿਆਂ ਨੂੰ ਕੁੱਝ ਸਮਝਾਉਣ ਜਾਂ ਹੁਕਮ ਦੇਣ ਵਾਲਾ ਹੁੰਦਾ ਹੈ। ਇਹ ਆਦਤ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ ਅਤੇ ਬਹੁਤਿਆਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ। ਕੈਨੇਡਾ ਵਰਗੇ ਸਮਾਜ ਵਿਚ ਵੱਡੇ ਹੋ ਰਹੇ ਬੱਚਿਆਂ ਨੂੰ ਇਹ ਆਦਤ ਜਾਂ ਲਹਿਜ਼ਾ ਹੌਲੀ ਹੌਲੀ ਓਪਰਾ ਲੱਗਣ ਲੱਗਦਾ ਹੈ ਅਤੇ ਪ੍ਰੇਸ਼ਾਨ ਕਰਦਾ ਹੈ। ਇਸ ਤਰਾਂ ਇਨ੍ਹਾਂ ਬੱਚਿਆਂ ਦੇ ਸਕੂਲ-ਜੀਵਨ ਦਾ ਇੱਕ ਕਾਫੀ ਵੱਡਾ ਹਿੱਸਾ ਅਜੀਬ ਕਿਸਮ ਦੀ ਕਸ਼ਮਕਸ਼ ਵਿਚ ਬੀਤਦਾ ਹੈ।
ਜਦੋਂ ਤੱਕ ਇਹ ਬੱਚੇ ਟੀਨੇਜਰ ਬਣਦੇ ਹਨ ਜਾਂ ਜੁਆਨ ਹੁੰਦੇ ਹਨ, ਉਦੋਂ ਤੱਕ ਬੱਚੇ ਕਾਫੀ ਹੱਦ ਤੱਕ ਇਨ੍ਹਾਂ ਮੁਲਕਾਂ ਦੇ ਕਲਚਰ ਵਿੱਚ ਢਲ ਚੁੱਕੇ ਹੁੰਦੇ ਹਨ ਅਤੇ ਪਰ ਮਾਂ-ਪਿਓ ਦਾ ਕਲਚਰ ਅਜੇ ਵੀ ਪੁਰਾਣਾ ਹੀ ਹੁੰਦਾ ਹੈ। ਜਿਸ ਤਰਾਂ ਦੇ ਪਿਛੋਕੜ ਚੋਂ ਬਹੁਤ ਸਾਰੇ ਮਾਂ-ਪਿਓ ਆਏ ਹੁੰਦੇ ਹਨ, ਉਨ੍ਹਾਂ ਸਾਰਿਆਂ ਤੋਂ ਇਹ ਉਮੀਦ ਨਹੀਂ ਰੱਖੀ ਜਾ ਸਕਦੀ ਕਿ ਉਹ ਆਪਣੇ ਆਪ ਵਿੱਚ ਕੋਈ ਬਹੁਤ ਹੀ ਵੱਡੀ ਤਬਦੀਲੀ ਲਿਆ ਸਕਣ। ਬਹੁਤ ਸਾਰੇ ਕੇਸਾਂ ਵਿੱਚ ਇਹ ਦੁਰਘਟਨਾ ਵਾਪਰਦੀ ਹੈ ਕਿ ਮਾਂ-ਪਿਓ ਬੱਚਿਆਂ ਦੇ ਰੋਲ ਮਾਡਲ ਨਹੀਂ ਰਹਿੰਦੇ। ਵੱਡੇ ਹੋ ਕੇ ਭਾਵੇਂ ਬੱਚੇ ਬਹੁਤ ਸਾਰੀਆਂ ਗੱਲਾਂ ਨੂੰ ਸਮਝ ਲੈਂਦੇ ਹਨ ਅਤੇ ਇਨ੍ਹਾਂ ਫਰਕਾਂ ਨੂੰ ਸਮਝਣ ਜੋਗੀ ਬੁੱਧੀ ਅਤੇ ਇਨ੍ਹਾਂ ਨਾਲ ਨਜਿੱਠਣ ਦੀ ਸਕਿੱਲ ਵਿਕਸਤ ਕਰ ਲੈਂਦੇ ਹਨ ਪਰ ਇਸ ਦੌਰ ਵਿਚੋਂ ਲੰਘਦਿਆਂ ਲੰਘਦਿਆਂ ਉਹ ਕਾਫੀ ਦਬਾਅ ਅਤੇ ਤਣਾਅ ਹੰਢਾ ਚੁੱਕੇ ਹੁੰਦੇ ਹਨ
ਇਸ ਤਰਾਂ ਦੇ ਮਹੌਲ ਵਿਚੋਂ ਨਿਕਲੇ ਬੱਚਿਆਂ ਦੇ ਮਨਾਂ ਦੀ ਝਲਕ ਕੈਨੇਡੀਅਨ ਯੂ-ਟਿਊਬ ਸਟਾਰਾਂ ਜੱਸ ਰੇਨ ਅਤੇ ਸੁਪਰਵੁਮਨ ਦੇ ਕਾਮੇਡੀ ਵੀਡੀਓਜ਼ ਵਿਚੋਂ ਮਿਲ ਜਾਂਦੀ ਹੈ। ਇਹ ਦੋਵੇਂ ਨੌਜਵਾਨ ਆਰਟਿਸਟ ਕੈਨੇਡਾ ਦੇ ਪੰਜਾਬੀ ਪਰਿਵਾਰਾਂ ਵਿੱਚ ਜੰਮੇ-ਪਲੇ ਬੱਚੇ ਹਨ ਅਤੇ ਪੰਜਾਬੀ ਪਰਿਵਾਰਾਂ ਵਿੱਚ ਚੱਲਦਾ ਇਹ ਟਕਰਾਅ ਹੀ ਉਨ੍ਹਾਂ ਦੀ ਸਮੁੱਚੀ ਕਾਮੇਡੀ ਦਾ ਮੁੱਖ ਵਿਸ਼ਾ ਹੈ। ਇਹ ਦੋਵੇਂ ਪੀੜੀਆਂ ਦੇ ਇਸ ਪਾੜੇ ਨੂੰ ਇਕ ਮਜ਼ਾਕੀਆ ਢੰਗ ਨਾਲ ਪੇਸ਼ ਕਰਕੇ ਇਕ ਪੂਰੀ ਪੀੜ੍ਹੀ ਦਾ ਮਨ ਹਲਕਾ ਕਰ ਰਹੇ ਹਨ ਅਤੇ ਸ਼ਾਇਦ ਇਸੇ ਕਰਕੇ ਨੌਜਵਾਨ ਪੀੜ੍ਹੀ ਵਿੱਚ ਐਨੇ ਪੌਪੂਲਰ ਹਨ।
ਅਸਲ ਪਾੜਾ ਵੈਸੇ ਇਸ ਤੋਂ ਵੀ ਗਹਿਰਾ ਹੈ ਪਰ ਉਸਦੇ ਵਿਸਥਾਰ ਵਿਚ ਜਾਣਾ ਇਥੇ ਸੰਭਵ ਨਹੀਂ।
ਇੱਕ ਪੀੜ੍ਹੀ ਜਦੋਂ ਬਿਨਾਂ ਕਿਸੇ ਤਿਆਰੀ ਦੇ ਅਚਾਨਕ ਕਿਸੇ ਵੱਡੀ ਤਬਦੀਲੀ ਵਿਚ ਸੁੱਟ ਦਿੱਤੀ ਜਾਂਦੀ ਹੈ ਤਾਂ ਇਸ ਤਰਾਂ ਦੀ ਤਬਦੀਲੀ ਦਾ ਤਣਾਅਪੂਰਨ ਹੋ ਜਾਣਾ ਕੁਦਰਤੀ ਹੈ।
ਇਹ ਤਬਦੀਲੀ ਇੱਕ ਇਸ ਤਰਾਂ ਦਾ ਅਨੁਭਵ ਹੈ, ਜਿਸ ਦਾ ਸਾਨੂੰ ਆਪਣੇ ਪਿਛੋਕੜ ਵਿੱਚ ਕੋਈ ਅਨੁਭਵ ਨਹੀਂ ਹੈ। ਜਦੋਂ ਸਾਡੇ ਰਿਵਾਇਤੀ ਸਮਾਜ ਵਿੱਚ ਬੱਚੇ ਵੱਡੇ ਹੁੰਦੇ ਸਨ, ਅਤੇ ਜੀਵਨ ਦਾ ਸਫਰ ਸ਼ੁਰੂ ਕਰਦੇ ਸਨ ਤਾਂ ਉਨ੍ਹਾਂ ਦੇ ਵਿਆਹਾਂ ਅਤੇ ਅੱਗੇ ਬੱਚਿਆਂ ਦੇ ਹੋਣ ਤੱਕ ਉਨ੍ਹਾਂ ਦੀ ਅਗਵਾਈ ਲਈ ਪਰਿਵਾਰ ਦੇ ਬਜ਼ੁਰਗ ਮੌਜੂਦ ਰਹਿੰਦੇ ਸਨ। ਹਰ ਅਨੁਭਵ ਉਹ ਸੀ, ਜਿਸ ਵਿੱਚੋਂ ਪੁਰਾਣੀਆਂ ਪੀੜ੍ਹੀਆਂ ਲੰਘ ਚੁੱਕੀਆਂ ਸਨ। ਇਸ ਕਰਕੇ ਹਰ ਤਬਦੀਲੀ ਚੋਂ ਲੰਘਣ, ਹਰ ਸਮੱਸਿਆ ਦਾ ਹੱਲ ਕੱਢਣ ਵਾਸਤੇ ਨੁਸਖੇ ਅਤੇ ਤਰੀਕੇ ਸਾਡੇ ਸਮੂਹਿਕ ਅਨੁਭਵ ਵਿੱਚ ਮੌਜੂਦ ਸਨ। ਪਰ ਜਿਨ੍ਹਾਂ ਮੁਸੀਬਤਾਂ ਵਿੱਚ ਪਰਵਾਸ ਦੀਆਂ ਤਬਦੀਲੀਆਂ ਅਚਾਨਕ ਸਾਡੇ ਪਰਿਵਾਰਾਂ ਨੂੰ ਸੁੱਟ ਦਿੰਦੀਆਂ ਹਨ, ਉਨ੍ਹਾਂ ਦਾ ਸਾਹਮਣਾ ਕਰਨ ਦੀਆਂ ਬਹੁਤ ਮਜ਼ਬੂਤ ਅਤੇ ਪਰਖੀਆਂ ਹੋਈਆਂ ਜੁਗਤਾਂ ਸਾਡੇ ਸਮੂਹਿਕ ਅਨੁਭਵ ਵਿੱਚ ਮੌਜੂਦ ਨਹੀਂ ਹਨ। ਇਸ ਕਰਕੇ ਸਾਡੇ ਪਰਿਵਾਰਾਂ ਨੂੰ ਬਹੁਤ ਕੁੱਝ ਧੱਕੇ ਖਾ ਕੇ ਆਪ ਸਿੱਖਣਾ ਪੈਂਦਾ ਹੈ।
ਇੱਕ ਮਿਸਾਲ ਰਾਹੀਂ ਇਸ ਗੱਲ ਨੂੰ ਹੋਰ ਚੰਗੀ ਤਰਾਂ ਸਮਝਿਆ ਜਾ ਸਕਦਾ ਹੈ। ਜਦੋਂ ਨੌਜਵਾਨ ਮਾਂ-ਬਾਪ ਬੱਚੇ ਪੈਦਾ ਕਰਦੇ ਹਨ ਤਾਂ ਉਨ੍ਹਾਂ ਕੋਲ ਬੱਚੇ ਪਾਲਣ ਦਾ ਕੋਈ ਅਨੁਭਵ ਨਹੀਂ ਹੁੰਦਾ ਖਾਸ ਕਰਕੇ ਪਹਿਲੇ ਬੱਚੇ ਵੇਲੇ। ਬਹੁਤੇ ਤਾਂ ਉਸ ਵੇਲੇ ਖੁਦ ਮਾਨਸਿਕ ਤੌਰ ਤੇ ਬੱਚਿਆਂ ਵਰਗੇ ਹੁੰਦੇ ਹਨ। ਉਸ ਵੇਲੇ ਦਾਦਾ-ਦਾਦੀ ਦਾ ਅਨੁਭਵ ਕੰਮ ਆਉਂਦਾ ਹੈ। ਸਾਡੇ ਸਾਂਝੇ ਪਰਿਵਾਰਾਂ ਵਿੱਚ ਬੱਚਿਆਂ ਦੀ ਇਸੇ ਕਰਕੇ ਦਾਦਾ-ਦਾਦੀ ਨਾਲ ਜ਼ਿਆਦਾ ਸਾਂਝ ਹੋ ਜਾਂਦੀ ਸੀ ਕਿਉਂਕਿ ਉਹ ਜੀਵਨ ਦੇ ਅਨੁਭਵ ਚੋਂ ਲੰਘਕੇ ਮੁਕਾਬਲਤ ਸ਼ਾਂਤ ਹੋ ਚੁੱਕੇ ਹੁੰਦੇ ਹਨ ਅਤੇ ਬੱਚਿਆਂ ਨੂੰ ਸੰਭਾਲਣ ਜੋਗਾ ਸਬਰ ਉਨ੍ਹਾਂ ਅੰਦਰ ਪੱਕ ਚੁੱਕਾ ਹੁੰਦਾ ਸੀ। ਪਰ ਚੰਦਰੇ ਸ਼ਹਿਰੀ ਕਲਚਰ ਦੇ ਅਸਰ ਸਦਕਾ ਅਸੀਂ ਜਿਹੜੇ ਨਿਊਕਲੀਅਰ ਪਰਿਵਾਰਾਂ ਦਾ ਕਲਚਰ ਵਿਕਸਤ ਕੀਤਾ ਹੈ, ਉਸ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਦਾਦਾ-ਦਾਦੀ ਦਾ ਅਨੁਭਵ ਵੀ ਨਹੀਂ ਮਿਲਦਾ।
ਇਸੇ ਮਿਸਾਲ ਨਾਲ ਪਰਵਾਸੀ ਸਮਾਜ ਵਿਚ ਰਹਿ ਰਹੇ ਸਾਡੇ ਪਰਿਵਾਰਾਂ ਦੇ ਅਨੁਭਵ ਨੂੰ ਸਮਝਿਆ ਜਾ ਸਕਦਾ ਹੈ। ਸਾਡੀ ਹਾਲਤ ਨਿਉਕਲੀਅਰ ਪਰਿਵਾਰ ਦੇ ਨਵੇਂ ਬਣੇ ਅਨਾੜੀ ਮਾਂ-ਪਿਓ ਵਾਲੀ ਹੈ। ਸਾਡੇ ਕੋਲ ਇਸ ਸਮਾਜ ਵਿਚ ਬੱਚੇ ਵੱਡੇ ਕਰਨ ਦਾ ਅਨੁਭਵ ਨਹੀਂ ਹੈ।
ਪਰਵਾਸੀ ਪੰਜਾਬੀ ਕਮਿਊਨਿਟੀ ਦਾ ਇੱਕ ਪਹਿਲੂ ਅਜਿਹਾ ਹੈ, ਜਿਹੜਾ ਉਸ ਨੂੰ ਬਹੁਤ ਸਾਰੇ ਬਾਕੀ ਭਾਈਚਾਰਿਆਂ ਨਾਲੋਂ ਵੱਖਰਾ ਬਣਾ ਦਿੰਦਾ ਹੈ। ਕੈਨੇਡਾ ਵਿਚ ਸਾਰੀ ਦੁਨੀਆ ਵਿੱਚੋਂ ਲੋਕ ਆ ਰਹੇ ਹਨ। ਸਾਰੀਆਂ ਹੀ ਕਮਿਊਨਿਟੀਜ਼ ਵਿਚ ਪੀੜ੍ਹੀਆਂ ਦਾ ਪਾੜਾ ਕੁੱਝ ਨਾ ਕੁੱਝ ਹੱਦ ਤੱਕ ਮੌਜੂਦ ਰਹਿੰਦਾ ਹੈ। ਪਰ ਪੰਜਾਬੀ ਭਾਈਚਾਰਾ ਇੱਕ ਪੱਖ ਤੋਂ ਦੂਜੇ ਸਾਰੇ ਭਾਈਚਾਰਿਆਂ ਨਾਲੋਂ ਵੱਖਰਾ ਹੈ। ਮੈਨੂੰ ਅਫਰੀਕਾ ਜਾਂ ਲੈਟਿਨ ਅਮਰੀਕਾ ਦੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਦੂਜੀਆਂ ਸਾਊਥ ਏਸ਼ੀਅਨ ਕੈਨੇਡੀਅਨ ਕਮਿਊਨਿਟੀਜ਼ ਨਾਲ ਤੁਲਨਾ ਜ਼ਰੂਰ ਕੀਤੀ ਜਾ ਸਕਦੀ ਹੈ। ਇੰਡੀਆ ਦੇ ਦੂਜੇ ਖਿਤਿਆਂ, ਪਾਕਿਸਤਾਨ, ਬੰਗਲਾਦੇਸ਼ ਆਦਿ ਖੇਤਰਾਂ ਵਿਚੋਂ ਜੋ ਲੋਕ ਕੈਨੇਡਾ ਆ ਰਹੇ ਹਨ, ਉਨ੍ਹਾਂ ਵਿਚ ਬਹੁਤ ਵੱਡੀ ਗਿਣਤੀ ਉਨਾਂ ਲੋਕਾਂ ਦੀ ਹੈ, ਜਿਹੜੇ ਵੱਡੇ ਸ਼ਹਿਰਾਂ ਵਿਚੋਂ ਆ ਰਹੇ ਹਨ। ਕੋਈ ਵਿਰਲਾ ਹੋਵੇਗਾ, ਜੋ ਪਾਕਿਸਤਾਨ ਦੇ ਪਿੰਡਾਂ ਵਿਚੋਂ ਕੈਨੇਡਾ ਆਇਆ ਹੋਵੇ। ਪਰ ਸਾਡੇ ਵਾਲੇ ਪਾਸੇ ਉਲਟ ਸਥਿਤੀ ਹੈ। ਕੁੱਝ ਸਾਲ ਪਹਿਲਾਂ ਤੱਕ ਤਾਂ ਪੰਜਾਬ ਦੇ ਸ਼ਹਿਰਾਂ ਵਿਚੋਂ ਕੋਈ ਵਿਰਲਾ ਹੀ ਕੈਨੇਡਾ ਜਾਂ ਦੂਜੇ ਮੁਲਕਾਂ ਵਿਚ ਜਾਂਦਾ ਸੀ। ਦਿੱਲੀ ਵਰਗੇ ਵੱਡੇ ਸ਼ਹਿਰਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਸੀ। ਹੁਣ ਉਹ ਸਥਿਤੀ ਭਾਵੇਂ ਬਦਲ ਰਹੀ ਹੈ ਪਰ ਕੈਨੇਡੀਅਨ ਪੰਜਾਬੀ ਕਮਿਊਨਿਟੀ ਦੀ ਸਮੁੱਚੀ ਦਿੱਖ ਅਜੇ ਵੀ ਪਿੰਡਾਂ ਵਾਲੀ ਹੈ।
ਜਿਹੜਾ ਪਰਿਵਾਰ ਕਰਾਚੀ, ਲਾਹੌਰ, ਢਾਕਾ ਜਾਂ ਦਿੱਲੀ ਵਿਚੋਂ ਕੈਨੇਡਾ ਆਇਆ ਹੋਵੇਗਾ, ਉਸ ਪਰਿਵਾਰ ਵਿਚ ਦੋ ਪੀੜ੍ਹੀ ਦਾ ਪਾੜਾ ਉਸ ਤਰਾਂ ਨਹੀਂ ਹੋਵੇਗਾ, ਜਿਵੇਂ ਪੰਜਾਬ ਦੇ ਦੁਆਬੇ ਜਾਂ ਮਾਲਵੇ ਵਿਚੋਂ ਆਏ ਪਰਿਵਾਰਾਂ ਵਿਚ ਹੁੰਦਾ ਹੈ। ਇਹ ਗੱਲ ਸਾਨੂੰ ਦੂਜਿਆਂ ਨਾਲੋਂ ਵੱਖਰਾ ਬਣਾਉਂਦੀ ਹੈ ਅਤੇ ਸਾਡੀ ਸਮੱਸਿਆ ਦੂਜਿਆਂ ਨਾਲੋਂ ਵੱਧ ਗੰਭੀਰ ਬਣ ਜਾਂਦੀ ਹੈ।
ਪੀੜ੍ਹੀਆਂ ਦਾ ਇਸ ਤਰਾਂ ਦਾ ਪਾੜਾ ਸਿਰਫ ਤਣਾਅ ਜਾਂ ਖਿਚਾਅ ਹੀ ਨਹੀਂ ਪੈਦਾ ਕਰ ਰਿਹਾ, ਬਲਕਿ ਕੁੱਝ ਨਵਾਂ ਵੀ ਉਸਾਰ ਰਿਹਾ ਹੈ। ਤਣਾਅ ਇਸ ਦਾ ਇਕ ਪਹਿਲੂ ਹੈ, ਜਿਸ ਦੇ ਨਿਸ਼ਚਿਤ ਤੌਰ ਤੇ ਨੁਕਸਾਨ ਵੀ ਹੋ ਰਹੇ ਹੋਣਗੇ। ਇਸ ਕਸ਼ਮਕਸ਼ ਵਿਚੋਂ ਕੁੱਝ ਚੰਗੀਆਂ ਅਤੇ ਨਵੀਆਂ ਗੱਲਾਂ ਵੀ ਨਿਕਲ ਰਹੀਆਂ ਹਨ। ਇਸ ਤਰਾਂ ਦੇ ਮਹੌਲ ਵਿਚੋਂ ਸਾਹਮਣੇ ਆਈ ਪੀੜ੍ਹੀ ਬਿੱਲਕੁੱਲ ਦੇਸੀ ਅਤੇ ਅਤਿ-ਆਧੁਨਿਕ ਕਲਚਰ ਦੇ ਮੇਲ ਅਤੇ ਖਿੱਚੋਤਾਣ ਵਿਚੋਂ ਪੈਦਾ ਹੋਈ ਹੈ। ਇੱਕ ਪਾਸੇ ਇਨ੍ਹਾਂ ਬੱਚਿਆਂ ਦੀਆਂ ਜੜ੍ਹਾਂ ਬਿਲੱਕੁਲ ਪੁਰਾਣੇ-ਪੇਂਡੂ ਕਲਚਰ ਵਿਚ ਹਨ ਅਤੇ ਦੂਜੇ ਪਾਸੇ ਇਨ੍ਹਾਂ ਕੋਲ ਅਤਿ-ਆਧੁਨਿਕ ਸੰਵੇਦਨਾ ਅਤੇ ਇਜ਼ਹਾਰ ਵੀ ਹੈ। ਇਨ੍ਹਾਂ ਬੱਚਿਆਂ ਅੰਦਰ ਕੁੱਝ ਨਵਾਂ ਅਤੇ ਉਸਾਰੂ ਪੈਦਾ ਕਰਨ ਦੀ ਵੀ ਬੇਪਨਾਹ ਸਮਰੱਥਾ ਹੈ।
ਮੇਰਾ ਖਿਆਲ ਹੈ ਕਿ ਅੱਜ ਦਾ ਪੰਜਾਬੀ ਪੌਪ-ਮਿਊਜ਼ਕ ਇਸ ਤਰਾਂ ਦੀ ਕਸ਼ਮਕਸ਼ ਵਿਚੋਂ ਹੀ ਪੈਦਾ ਹੋਇਆ ਹੈ। ਇਹ ਦੇਸੀ ਪੰਜਾਬ ਅਤੇ ਆਧੁਨਿਕ ਪੱਛਮੀ ਕਲਚਰ ਦੇ ਮੇਲ-ਜੇਲ ਦੀ ਪੈਦਾਵਾਰ ਹੈ। ਕੁੱਝ ਕੇਸਾਂ ਵਿੱਚ ਇਹ ਵੀ ਹੋ ਰਿਹਾ ਹੈ ਕਿ ਇਸ ਮਹੌਲ ਵਿਚ ਪੈਦਾ ਹੋਏ ਬੱਚੇ ਪੰਜਾਬੀ ਜ਼ੁਬਾਨ, ਕਲਚਰ ਅਤੇ ਵਿਰਾਸਤ ਨਾਲ ਪੰਜਾਬ ਦੇ ਬੱਚਿਆਂ ਨਾਲੋਂ ਵੱਧ ਆਤਮ-ਵਿਸ਼ਵਾਸ਼ ਨਾਲ ਜੁੜ ਰਹੇ ਹਨ। ਯੂਨੀਵਰਸਟੀਆਂ ਤੱਕ ਪਹੁੰਚਦੇ ਪਹੁੰਚਦੇ ਇਹ ਬੱਚੇ ਬਚਪਨ ਵਾਲੀ ਹੀਣ-ਭਾਵਨਾ ਵਿਚੋਂ ਨਿਕਲ ਜਾਂਦੇ ਹਨ ਅਤੇ ਆਪਣੇ ਕਲਚਰ ਨਾਲ ਜਿਆਦਾ ਸਹਿਜ ਵਾਲਾ ਰਿਸ਼ਤਾ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਦੂਜੇ ਪਾਸੇ ਇੰਗਲਿਸ਼ ਜ਼ੁਬਾਨ ਅਤੇ ਪੱਛਮੀ ਕਲਚਰ ਨਾਲ ਵੀ ਇਨਾਂ ਨੌਜਵਾਨਾਂ ਦਾ ਰਿਸ਼ਤਾ ਆਤਮ-ਵਿਸ਼ਵਾਸ਼ ਅਤੇ ਸਹਿਜ ਵਾਲਾ ਹੈ। ਪੰਜਾਬ ਦੇ ਨੌਜਵਾਨਾਂ ਦੀ ਤਰਾਂ ਇਨ੍ਹਾਂ ਲਈ ਪੱਛਮੀ ਕਲਚਰ ਅਤੇ ਇੰਗਲਿਸ਼ ਕੋਈ ਉੱਚੀ ਚੀਜ਼ ਨਹੀਂ ਹੈ।
ਪੀੜ੍ਹੀਆਂ ਦੇ ਇਸ ਪਾੜੇ ਦੇ ਇਸ ਤਰਾਂ ਦੋਵੇਂ ਪਹਿਲੂ ਹਨ। ਇੱਕ ਪਾਸੇ ਇਹ ਤਣਾਅ ਦਾ ਕਾਰਨ ਹੈ ਅਤੇ ਦੂਜੇ ਪਾਸੇ ਇਸੇ ਤਣਾਅ ਵਿਚੋਂ ਕੁੱਝ ਨਵਾਂ ਵੀ ਉਸਰ ਰਿਹਾ ਹੈ। ਪਰ ਇਸ ਦੇ ਬਾਵਜੂਦ ਮੇਰਾ ਇਹ ਖਿਆਲ ਹੈ ਕਿ ਕਿਸੇ ਵੀ ਸਮਾਜ ਦੇ ਬੱਚਿਆਂ ਲਈ ਇਸ ਤਰਾਂ ਦੇ ਤਣਾਅ ਵਿਚੋਂ ਲੰਘਣਾ ਕੋਈ ਬਹੁਤ ਖੁਸ਼ਗਵਾਰ ਅਨੁਭਵ ਨਹੀਂ ਹੈ। ਇਸ ਸਥਿਤੀ ਨੂੰ ਬਦਲਣ ਲਈ ਪਰ ਅਸੀਂ ਕੁੱਝ ਨਹੀਂ ਕਰ ਸਕਦੇ।