ਮੰਦਵਾੜੇ ਦਾ ਮਨੋਵਿਗਿਆਨ
ਇਹ ਆਰਟੀਕਲ 2008 ਦੇ ਵਿਸ਼ਵ ਆਰਥਿਕ ਮੰਦਵਾੜੇ ਦੌਰਾਨ ਲਿਖਿਆ ਸੀ ਅਤੇ ਹਵਾਲੇ ਦੇ ਮਕਸਦ ਨਾਲ ਇਥੇ ਸ਼ੇਅਰ ਕਰ ਰਿਹਾ ਹਾਂ -- ਸ਼ਮੀਲ
ਆਰਥਿਕ ਮੰਦਵਾੜੇ ਦੀ ਹਵਾ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਮਰੀਕਾ ਵਿੱਚ ਕਿੰਨੀਆਂ ਹੀ ਫੈਕਟਰੀਆਂ ਅਤੇ ਵਿੱਤੀ ਅਦਾਰਿਆਂ ਦੇ ਬੰਦ ਹੋਣ ਕਾਰਨ ਬੇਰੁਜ਼ਗਾਰੀ ਮਹਾਂਮਾਰੀ ਦਾ ਰੂਪ ਧਾਰ ਰਹੀ ਹੈ। ਯੂਰਪ, ਚੀਨ ਅਤੇ ਜਪਾਨ ਵਰਗੇ ਮੁਲਕਾਂ ਵਿੱਚ ਵੀ ਇਸ ਦੇ ਪ੍ਰਤੱਖ ਅਸਰ ਦਿਸਣੇ ਸ਼ੁਰੂ ਹੋ ਗਏ ਹਨ। ਸਾਰੇ ਹੀ ਕਾਰੋਬਾਰ ਇਸ ਮੰਦਵਾੜੇ ਤੋਂ ਪ੍ਰਭਾਵਤ ਹੋ ਰਹੇ ਹਨ। ਅਮਰੀਕਾ ਵਿੱਚ ਘਰਾਂ ਦੀ ਸੇਲ ਇਸ ਸਾਲ ਪਿਛਲੇ ਸਾਲ ਨਾਲੋਂ ਅੱਧ ਰਹਿ ਗਈ ਹੈ। ਭਾਰਤ ਵਿੱਚ ਵੀ ਇਸ ਦਾ ਅਸਰ ਦਿਸਣ ਲੱਗਾ ਹੈ ਅਤੇ ਭਾਰਤ ਵਿੱਚ ਵੀ ਬਹੁਤ ਸਾਰੇ ਅਦਾਰਿਆਂ ਨੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸਾਰੇ ਕਾਰੋਬਾਰ ਹੀ ਸੰਕਟ ਦਾ ਸੇਕ ਮਹਿਸੂਸ ਕਰਨ ਲੱਗੇ ਹਨ। ਹਾਊਸਿੰਗ ਸੈਕਟਰ ਵੀ ਬੁਰੀ ਤਰਾਂ ਪ੍ਰਭਾਵਤ ਹੋਇਆ ਹੈ। ਸਰਕਾਰ ਵੱਲੋਂ ਵੀ ਕਈ ਰਾਹਤ ਪੈਕੇਜ ਐਲਾਨੇ ਗਏ ਹਨ ਤਾਂ ਜੋ ਭਾਰਤ ਨੂੰ ਆਰਥਿਕ ਮੰਦਵਾੜੇ ਦੀ ਲਪੇਟ ਵਿੱਚ ਪੂਰੀ ਤਰਾਂ ਆਉਣ ਤੋਂ ਬਚਾ ਲਿਆ ਜਾਵੇ। ਮੰਦਵਾੜੇ ਦੇ ਕਾਰਨਾਂ ਬਾਰੇ ਆਰਥਿਕ ਅਤੇ ਰਾਜਨੀਤਕ ਮਾਹਰਾਂ ਦੀਆਂ ਕਈ ਤਰਾਂ ਦੀਆਂ ਰਾਵਾਂ ਹਨ। ਕੁੱਝ ਲੋਕਾਂ ਦੀ ਨਜ਼ਰ ਵਿੱਚ ਮੰਦਵਾੜਾ ਕੁੱਝ ਬੁਨਿਆਦੀ ਆਰਥਿਕ ਨਿਯਮਾਂ ਵਿੱਚ ਪੈਦਾ ਹੋਏ ਅਸੰਤੁਲਨ ਕਾਰਨ ਪੈਦਾ ਹੋਇਆ ਹੈ ਅਤੇ ਕੁੱਝ ਦਾ ਖਿਆਲ ਹੈ ਕਿ ਗਲਤ ਰਾਜਨੀਤਕ ਨੀਤੀਆਂ ਇਸ ਦਾ ਕਾਰਨ ਹਨ। ਇਸ ਲੇਖ ਵਿੱਚ ਮੰਦਵਾੜੇ ਨੂੰ ਇੱਕ ਵੱਖਰੇ ਜ਼ਾਵੀਏ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਦੀ ਰਾਏ ਹੈ ਕਿ ਮੰਦਵਾੜੇ ਦੇ ਕਾਰਨ ਨਿਰੇ ਆਰਥਿਕ ਅਤੇ ਰਾਜਨੀਤਕ ਨਹੀਂ ਹਨ, ਬਲਕਿ ਮਨੋਵਿਗਿਆਨਕ ਕਾਰਨਾਂ ਦਾ ਵੀ ਇਸ ਵਿੱਚ ਬਹੁਤ ਵੱਡਾ ਰੋਲ ਹੈ ।
ਪਹਿਲੀ ਨਜ਼ਰੇ ਆਪਣੇ ਆਪ ਵਿੱਚ ਇਹ ਸਿਰਲੇਖ ਓਪਰਾ ਲੱਗ ਸਕਦਾ ਹੈ। ਆਰਥਿਕ ਮੰਦਵਾੜੇ ਨੂੰ ਅਸੀਂ ਇੱਕ ਨਿਰੋਲ ਆਰਥਿਕ ਸੰਕਟ ਸਮਝਦੇ ਹਾਂ ਅਤੇ ਇਸ ਨੂੰ ਸਮਝਣ ਲਈ ਇਸ ਦੇ ਠੋਸ ਆਰਥਿਕ ਕਾਰਨ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰਾਂ ਇਸ ਦੇ ਹੱਲ ਵੀ ਅਰਥ ਵਿਗਿਆਨ ਦੀਆਂ ਵਿਧੀਆਂ ਰਾਹੀਂ ਹੀ ਲੱਭਦੇ ਹਾਂ। ਪਰ ਕਿਸੇ ਵੀ ਆਰਥਿਕ ਸੰਕਟ ਦੀ ਤਰਾਂ ਇਸ ਸੰਕਟ ਦੇ ਕਾਰਨ ਵੀ ਨਿਰੇ ਆਰਥਿਕ ਨਹੀਂ ਹਨ। ਜਾਂ ਦੂਜੇ ਸ਼ਬਦਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਆਰਥਿਕਤਾ ਵੀ ਐਨੀ ਆਰਥਿਕ ਨਹੀਂ ਹੈ। ਇਸ ਸੰਕਟ ਦੇ ਮਨੋਵਿਗਿਆਨਕ, ਸਮਾਜਕ ਅਤੇ ਸਭਿਆਚਾਰਕ ਪਹਿਲੂ ਵੀ ਹਨ। ਇਸ ਲੇਖ ਦਾ ਮਕਸਦ ਇਸ ਮਸਲੇ ਦੇ ਮਨੋਵਿਗਿਆਨਕ ਪਹਿਲੂਆਂ ਤੇ ਨਜ਼ਰ ਮਾਰਨ ਹੈ। ਇਸ ਦੇ ਆਰਥਿਕ ਕਾਰਨਾਂ ਤੇ ਆਰਥਿਕ ਮਾਹਰ ਪਹਿਲਾਂ ਹੀ ਬਹੁਤ ਚਰਚਾ ਕਰ ਚੁੱਕੇ ਹਨ ਅਤੇ ਕਰ ਰਹੇ ਹਨ।
ਆਰਥਿਕ ਮੰਦਵਾੜਾ ਕੋਈ ਨਵਾਂ ਵਰਤਾਰਾ ਨਹੀਂ ਹੈ। ਵੱਖ ਵੱਖ ਅਰਥਚਾਰਿਆਂ ਵਿੱਚ ਅਜਿਹੇ ਸੰਕਟ ਬਹੁਤ ਦੇਰ ਤੋਂ ਹੁੰਦੇ ਆ ਰਹੇ ਹਨ। ਫਰਕ ਸਿਰਫ ਐਨਾ ਹੈ ਕਿ ਗਲੋਬੀਕਰਨ ਨੇ ਅਜਿਹੇ ਸੰਕਟਾਂ ਨੂੰ ਗਲੋਬੀਕ੍ਰਿਤ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਅਮਰੀਕਾ ਦੇ ਹਾਊਸਿੰਗ ਸੈਕਟਰ ਤੋਂ ਹੋਈ। ਸਬ ਪ੍ਰਾਈਮ ਮਾਰਗੇਜਾਂ ਨੂੰ ਸਾਰੇ ਪੁਆੜੇ ਦੀ ਜੜ੍ਹ ਸਮਿਝਆ ਜਾਂਦਾ ਹੈ। ਪਰ ਜਿਸ ਤਰੀਕੇ ਨਾਲ ਇਸ ਸੰਕਟ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੈ, ਉਸ ਨੇ ਇਸ ਸੰਕਟ ਨਾਲ ਹੋਰ ਕਿੰਨੇ ਹੀ ਪਹਿਲੂ ਜੋੜ ਦਿੱਤੇ ਹਨ। ਮੈਂ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ ਕੱਪੜਿਆਂ ਤੇ ਜੁਤੀਆਂ ਦੇ ਇੰਟਰਨੈਸ਼ਨਲ ਬਰਾਂਡਾਂ ਦੇ ਕੁੱਝ ਸਟੋਰਾਂ ਤੇ ਇੱਕ ਮੋਟਾ ਜਿਹਾ ਸਰਵੇ ਕੀਤਾ। ਇਨ੍ਹਾਂ ਸਟੋਰਾਂ ਵਾਲਿਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਦੀ ਸੇਲ ਵਿੱਚ ਕਾਫੀ ਕਟੌਤੀ ਹੋ ਗਈ ਹੈ। ਕੁੱਝ ਨੇ ਤਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਵਿਕਰੀ ਪੰਜਾਹ ਫੀਸਦੀ ਘਟ ਗਈ ਹੈ। ਚੰਡੀਗੜ੍ਹ ਨੌਕਰੀ ਪੇਸ਼ਾ ਲੋਕਾਂ ਦਾ ਸ਼ਹਿਰ ਹੈ ਅਤੇ ਇਨ੍ਹਾਂ ਵਿੱਚ ਵੀ ਜ਼ਿਆਦਾਤਰ ਸਰਕਾਰੀ ਨੌਕਰੀਆਂ ਕਰਨ ਵਾਲੇ ਲੋਕ ਹਨ। ਉਚ ਬਿਉਰੋਕਰੇਸੀ ਹੈ। ਇਸ ਗੱਲ ਨੇ ਮੇਰੇ ਅੰਦਰ ਇਹ ਸੁਆਲ ਪੈਦਾ ਕੀਤਾ ਕਿ ਸਰਕਾਰੀ ਨੌਕਰੀਆਂ ਕਰਨ ਵਾਲੇ ਸ਼ਹਿਰ ਨੂੰ ਕੌਮਾਂਤਰੀ ਆਰਥਿਕ ਮੰਦਵਾੜੇ ਨੇ ਭਲਾ ਕਿਵੇਂ ਪ੍ਰਭਾਵਤ ਕੀਤਾ ਹੈ? ਇਸੇ ਸੁਆਲ ਨੂੰ ਸੁਲਝਾਉਂਦਿਆਂ ਮੈਂ ਇਸ ਸੰਕਟ ਦੇ ਮਨੋਵਿਗਿਆਨਕ ਕਾਰਨਾਂ ਬਾਰੇ ਸੋਚਣਾ ਸ਼ੁਰੂ ਕੀਤਾ।
ਮੌਜੂਦਾ ਸੰਸਾਰ ਵਿੱਚ ਮੀਡੀਆ ਇੱਕ ਬਹੁਤ ਵੱਡਾ ਕਾਰਕ ਹੈ। ਮੌਜੂਦਾ ਮੀਡੀਆ ਮਹਿਜ਼ ਸੂਚਨਾ ਦੇ ਸੰਚਾਰ ਦਾ ਮਾਧਿਅਮ ਨਹੀਂ ਹੈ ਬਲਕਿ ਆਪਣੇ ਆਪ ਵਿੱਚ ਇੱਕ ਸਮਾਜਕ ਤਾਕਤ ਬਣ ਗਿਆ ਹੈ ਅਤੇ ਆਪਣੀ ਹੋਂਦ ਦੇ ਕੁੱਝ ਅੰਦਰੂਨੀ ਪਹਿਲੂਆਂ ਕਰਕੇ ਸਮੁਚੇ ਸਮਾਜ ਦੀ ਗਤੀ ਨੂੰ ਪ੍ਰਭਾਵਤ ਕਰਦਾ ਹੈ। ਇਸ ਗੱਲ ਨੂੰ ਇਸ ਤਰਾਂ ਵੀ ਕਹਿ ਸਕਦੇ ਹਾਂ ਕਿ ਮੀਡੀਆ ਨੇ ਸਮਾਜ ਵਿੱਚ ਨਿਰੀਪੁਰੀ ਪਾਰਦਰਸ਼ਤਾ ਹੀ ਨਹੀਂ ਲਿਆਂਦੀ ਬਲਕਿ ਆਪਣੇ ਆਪ ਵਿੱਚ ਇਹ ਇੱਕ ਮਨੋਵਿਗਿਆਨਕ ਤਾਕਤ ਬਣ ਗਿਆ ਹੈ। ਮਿਸਾਲ ਦੇ ਤੌਰ ਤੇ ਜਦੋਂ ਕੋਈ ਅੱਤਵਾਦੀ ਘਟਨਾ ਹੁੰਦੀ ਹੈ ਤਾਂ ਉਸਦੀ ਤਾਕਤ ਸਿਰਫ ਇਸ ਵਿੱਚ ਨਹੀਂ ਹੁੰਦੀ ਕਿ ਉਸ ਵਿੱਚ ਵਰਤਿਆ ਗਿਆ ਆਰਡੀਐਕਸ ਕਿੰਨਾ ਸ਼ਕਤੀਸ਼ਾਲੀ ਸੀ ਜਾਂ ਉਸ ਵਿੱਚ ਕਿੰਨੇ ਬੰਦੇ ਮਾਰੇ ਗਏ। ਬਲਕਿ ਉਸ ਨਾਲੋਂ ਵੀ ਵੱਡੀ ਤਾਕਤ ਇਸ ਗੱਲ ਦੀ ਹੁੰਦੀ ਹੈ ਕਿ ਮੀਡੀਆ ਉਸ ਘਟਨਾ ਦੀ ਦਹਿਸ਼ਤ ਨੂੰ ਕਿੰਨੀ ਕੁ ਗਹਿਰੀ ਤੇ ਵਿਆਪਕ ਬਣਾਕੇ ਸਮਾਜ ਤੇ ਸੁਟਦਾ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਅੱਜ ਹਰ ਰਾਜਨੀਤਕ ਅਤੇ ਸਮਾਜਕ ਗਤੀਵਿਧੀ ਲਈ ਮੀਡੀਆ ਹੀ ਇੱਕੋ ਇੱਕ ਮੈਦਾਨ ਬਣ ਗਿਆ ਹੈ। ਬਹੁਤ ਸਾਰੀਆਂ ਅੱਤਵਾਦੀ ਘਟਨਾਵਾਂ, ਰਾਜਨੀਤਕ ਸਰਗਰਮੀਆਂ ਬਿਲਕੁਲ ਨਾ ਹੋਣ ਜੇ ਉਨ੍ਹਾਂ ਦੀਆਂ ਖਬਰਾਂ ਮੀਡੀਆ ਵਿੱਚ ਨਾ ਲੱਗਣੀਆਂ ਹੋਣ। ਇਸ ਲਿਹਾਜ਼ ਨਾਲ ਦੇਖੀਏ ਤਾਂ ਮੀਡੀਆ ਨੇ ਇੱਕ ਕੇਂਦਰੀ ਰੋਲ ਅਖਤਿਆਰ ਕਰ ਲਿਆ ਹੈ। ਜੇ ਆਰਥਿਕ ਮੰਦਵਾੜੇ ਨੂੰ ਵੀ ਇਸ ਪ੍ਰਸੰਗ ਵਿੱਚ ਦੇਖੀਏ ਤਾਂ ਅਸਾਨੀ ਨਾਲ ਸਮਝ ਸਕਦੇ ਹਾਂ ਕਿ ਆਰਥਿਕ ਸੰਕਟ ਮੂਲ ਰੂਪ ਵਿੱਚ ਇੱਕ ਛੋਟੇ ਖੇਤਰ ਤੱਕ ਸੀਮਤ ਸੀ, ਪਰ ਗਲੋਬਲ ਮੀਡੀਆ ਦੀ ਤਾਕਤ ਨੇ ਇਸ ਨੂੰ ਸਾਰੀ ਦੁਨੀਆ ਦਾ ਸੰਕਟ ਬਣਾ ਦਿੱਤਾ ਹੈ। ਬਹੁਤ ਸਾਰੇ ਸੰਕਟ ਸੱਚਮੁਚ ਵਿੱਚ ਸੰਕਟ ਵਿੱਚ ਨਹੀਂ ਹਨ ਪਰ ਡਰ ਅਤੇ ਅਫਵਾਹਾਂ ਕਾਰਨ ਉਨ੍ਹਾਂ ਨੇ ਆਪਣੇ ਆਪ ਹੀ ਸੰਕਟ ਪੈਦਾ ਕਰ ਲਿਆ ਹੈ। ਜਿਵੇਂ ਭਾਰਤ ਵਿੱਚ ਅਸੀਂ ਦੇਖਿਆ ਹੈ ਕਿ ਪ੍ਰਾਈਵੇਟ ਖੇਤਰ ਦੇ ਇੱਕ ਵੱਡੇ ਬੈਂਕ ਬਾਰੇ ਇਹ ਅਫਵਾਹਾਂ ਫੈਲ ਗਈਆਂ ਕਿ ਇਹ ਬੈਂਕ ਸੰਕਟ ਦੀ ਲਪੇਟ ਵਿਚ ਆ ਰਿਹਾ ਹੈ। ਇਸ ਨੇ ਬੈਂਕ ਦੇ ਗ੍ਰਾਹਕਾਂ ਵਿੱਚ ਐਨਾ ਡਰ ਪੈਦਾ ਕੀਤਾ ਕਿ ਉਨ੍ਹਾਂ ਹਫੜਾਦਫੜੀ ਵਿੱਚ ਇਸ ਬੈਂਕ ਵਿੱਚ ਆਪਣੇ ਸਾਰੇ ਖਾਤੇ ਖਾਲੀ ਕਰ ਦਿੱਤੇ। ਕਹਿਣ ਦਾ ਮਤਲਬ ਹੈ ਕਿ ਜਿਥੇ ਸੰਕਟ ਨਹੀਂ ਵੀ ਸੀ, ਉਥੇ ਵੀ ਖਬਰਾਂ/ਅਫਵਾਹਾਂ ਨੇ ਸੰਕਟ ਪੈਦਾ ਕਰ ਦਿੱਤਾ। ਅੱਜ ਦੇ ਸੂਚਨਾ ਸੰਸਾਰ ਵਿੱਚ ਸੂਚਨਾ-ਖਬਰਾਂ-ਅਫਵਾਹਾਂ ਆਪਣੇ ਆਪ ਵਿੱਚ ਇੱਕ ਸਮਾਜਕ ਤਾਕਤ ਹਨ। ਮਿਸਾਲ ਦੇ ਤੌਰ ਤੇ ਕੁੱਝ ਅਰਸਾ ਪਹਿਲਾਂ ਭਾਰਤ ਵਿੱਚ ਕੁੱਝ ਸੌਫਟ ਡਰਿੰਕਸ ਬਾਰੇ ਇੱਕ ਪ੍ਰਾਈਵੇਟ ਖੋਜ ਸੰਸਥਾ ਨੇ ਇੱਕ ਸਟੱਡੀ ਰਿਲੀਜ਼ ਕੀਤੀ। ਇਸ ਸਟੱਡੀ ਵਿੱਚ ਇਹ ਦੱਸਿਆ ਗਿਆ ਸੀ ਕਿ ਇੱਕ ਖਾਸ ਬਰਾਂਡ ਦੇ ਸੌਫਟ ਡਰਿੰਕਸ ਵਿੱਚ ਜ਼ਹਿਰੀਲੇ ਨੁਕਸਾਨਦਾਇਕ ਤੱਤਾਂ ਦੀ ਮਾਤਰਾ ਸਰਕਾਰ ਵੱਲੋਂ ਪ੍ਰਵਾਨਤ ਸੀਮਾ ਤੋਂ ਉਤੇ ਸੀ। ਮੀਡੀਆ ਵਿੱਚ ਇਸ ਸਟੱਡੀ ਦੀਆਂ ਖਬਰਾਂ ਲੱਗਣ ਦਾ ਸਿੱਟਾ ਇਹ ਨਿਕਲਿਆ ਕਿ ਇੱਕੋ ਦਿਨ ਵਿੱਚ ਪੂਰੇ ਮੁਲਕ ਵਿੱਚ ਹਾਹਾਕਾਰ ਮਚ ਗਈ। ਸਿਰਫ ਇੱਕ ਹਫਤੇ ਵਿੱਚ ਇਨ੍ਹਾਂ ਡਰਿੰਕਸ ਦੀ ਸੇਲ ਤੇ ਬਹੁਤ ਵੱਡੀ ਸੱਟ ਲੱਗੀ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਡਰਿੰਕਸ ਇਸੇ ਤਰਾਂ ਪਿਛਲੇ ਲੰਬੇ ਸਮੇਂ ਤੋਂ ਮਾਰਕੀਟ ਵਿੱਚ ਸਨ। ਜ਼ਹਿਰੀਲੇ ਮਾਦੇ ਦੀ ਜੋ ਮਾਤਰਾ ਇਨ੍ਹਾਂ ਵਿੱਚ ਪਾਈ ਗਈ, ਲੱਗਭਗ ਓਨੀ ਹੀ ਮਾਤਰਾ ਭਾਰਤ ਅੰਦਰ ਹਰ ਪੀਣ ਵਾਲੇ ਪਦਾਰਥ ਵਿੱਚ ਹੈ। ਕੁੱਝ ਅਰਸਾ ਪਹਿਲਾਂ ਪੰਜਾਬ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਸਟੱਡੀ ਕਰਵਾਈ ਸੀ ਕਿ ਦੁਧ, ਅੰਡਿਆਂ ਤੇ ਇੱਥੋਂ ਤੱਕ ਕਿ ਮਾਵਾਂ ਦੇ ਦੁਧ ਵਿੱਚ ਵੀ ਡੀਡੀਟੀ ਦੀ ਦੀ ਮਾਤਰਾ ਪ੍ਰਵਾਨਤ ਫੀਸਦੀ ਤੋਂ ਕਿਤੇ ਜ਼ਿਆਦਾ ਹੈ। ਜੇ ਮੁਲਕ ਵਿੱਚ ਵੱਖ ਵੱਖ ਖੇਤਰਾਂ ਦੇ ਪਾਣੀ ਤੇ ਸਟੱਡੀ ਕੀਤੀ ਜਾਵੇ ਤਾਂ ਪਾਣੀ ਵਿੱਚ ਵੀ ਜ਼ਹਿਰੀਲੇ ਤੱਤਾਂ ਦੀ ਮਾਤਰਾ ਘੱਟ ਨਹੀਂ ਹੈ। ਪਰ ਖਬਰਾਂ ਕਿਉਂਕਿ ਕੁੱਝ ਖਾਸ ਬਰਾਂਡਾਂ ਦੇ ਸੌਫਟ ਡਰਿੰਕਸ ਬਾਰੇ ਹੀ ਨਸ਼ਰ ਹੋਈਆਂ ਸਨ, ਇਸ ਕਰਕੇ ਲੋਕਾਂ ਦਾ ਵਿਆਪਕ ਪ੍ਰਤੀਕਰਮ ਉਸੇ ਬਾਰੇ ਆਇਆ। ਇਸ ਤੋਂ ਅਸੀਂ ਮੌਜੂਦਾ ਸਮਾਜ ਵਿੱਚ ਮੀਡੀਆ ਦੀ ਤਾਕਤ ਦਾ ਅੰਦਾਜ਼ਾ ਲਾ ਸਕਦੇ ਹਾਂ। ਮੀਡੀਆ ਨੇ ਖਬਰਾਂ ਨਸ਼ਰ ਕੀਤੀਆਂ ਕਿ ਲੋਕ ਗਣੇਸ਼ ਦੀਆਂ ਮੂਰਤਾਂ ਨੂੰ ਦੁਧ ਪਿਆ ਰਹੇ ਹਨ। ਸਾਰੇ ਮੁਲਕ ਵਿੱਚ ਇਹ ਖਬਰ ਅੱਗ ਦੀ ਤਰਾਂ ਫੈਲ ਗਈ ਅਤੇ ਸਾਰੇ ਮੁਲਕ ਨੇ ਹੀ ਗਣੇਸ਼ ਦੀਆਂ ਮੂਰਤੀਆਂ ਨੂੰ ਦੁਧ ਪਿਆਉਣਾ ਸ਼ੁਰੂ ਕਰ ਦਿੱਤਾ।
ਮੌਜੂਦਾ ਗਲੋਬਲ ਆਰਥਿਕ ਸੰਕਟ ਵੀ ਕਾਫੀ ਹੱਦ ਤੱਕ ਗਲੋਬਲ ਮੀਡੀਆ ਦੁਆਰਾ ਪੈਦਾ ਕੀਤੇ ਮਨੋਵਿਗਿਆਨਕ ਕਾਰਨਾਂ ਦੀ ਉਪਜ ਹੈ। ਨਹੀਂ ਤਾਂ ਸਾਰੀ ਹੀ ਦੁਨੀਆ ਵਿੱਚ ਅਜਿਹਾ ਕੁੱਝ ਨਹੀਂ ਹੋਇਆ, ਜਿਸ ਕਾਰਨ ਅਮਰੀਕਾ ਤੋਂ ਲੈ ਕੇ ਚੀਨ ਤੱਕ ਸਾਰੀ ਦੁਨੀਆਂ ਦੇ ਅਰਥਚਾਰੇ ਸੰਕਟਗ੍ਰਸਤ ਹੋ ਜਾਣ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਹਾਊਸਿੰਗ ਸੈਕਟਰ ਵਿੱਚ ਕੁੱਝ ਅਜਿਹੀਆਂ ਗੰਭੀਰ ਗੜਬੜਾਂ ਹੋਈਆਂ ਸਨ, ਜਿਨ੍ਹਾਂ ਨੇ ਕੁੱਝ ਵੱਡੀਆਂ ਗਲੋਬਲ ਵਿੱਤੀ ਸੰਸਥਾਵਾਂ ਨੂੰ ਹਿਲਾ ਦਿੱਤਾ। ਜੇ ਮਨੋਵਿਗਿਆਨਕ ਪਹਿਲੂ ਨਾਲ ਨਾ ਜੁੜਦਾ ਤਾਂ ਇਹ ਸੰਕਟ ਇਨ੍ਹਾਂ ਕੁੱਝ ਕੁ ਸੰਸਥਾਵਾਂ ਤੱਕ ਹੀ ਸੀਮਤ ਰਹਿ ਜਾਂਦਾ। ਭਾਵੇਂ ਅੱਜ ਦੇ ਗਲੋਬੀਕ੍ਰਿਤ ਸਮਾਜ ਵਿੱਚ ਸਾਰਾ ਕੁੱਝ ਐਨਾ ਜੁੜਿਆ ਹੋਇਆ ਹੈ ਕਿ ਅਮਰੀਕਾ ਦੀਆਂ ਕੁੱਝ ਵੱਡੀਆਂ ਵਿੱਤੀ ਸੰਸਥਾਵਾਂ ਦੇ ਡਿਗਣ ਦਾ ਲੜੀ-ਪ੍ਰਤੀਕਰਮ ਬਹੁਤ ਦੂਰ ਤੱਕ ਜਾਣਾ ਸੀ। ਕਹਿਣ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਆਰਥਿਕ ਸੰਕਟ ਕੋਈ ਵੀ ਨਹੀਂ ਸੀ, ਨਿਰਾ ਮਨੋਵਿਗਿਆਨ ਸੰਕਟ ਹੈ। ਮਤਲਬ ਸਿਰਫ ਐਨਾ ਹੈ ਕਿ ਆਰਥਿਕ ਸੰਕਟ ਜਿੰਨਾ ਕੁ ਸੀ, ਉਸ ਨਾਲ ਉਸ ਤੋਂ ਕਈ ਗੁਣਾ ਜ਼ਿਆਦਾ ਮਨੋਵਿਗਿਆਨਕ ਪਹਿਲੂ ਜੁੜ ਗਿਆ ਤੇ ਇਸ ਨਾਲ ਸੰਕਟ ਰੂੰ ਦੀ ਪੰਡ ਦੀ ਤਰਾਂ ਫੈਲ ਗਿਆ।
ਕੁੱਝ ਲੋਕਾਂ ਦੀ ਰਾਏ ਹੈ ਕਿ ਅੱਜ ਦਾ ਅਰਥਚਾਰਾ ਅਸਲ ਵਿੱਚ ਆਪਣੇ ਆਪ ਵਿੱਚ ਇਸ ਤਰਾਂ ਦਾ ਹੈ ਕਿ ਇਸ ਦਾ ਮਹਿਲ ਖੜ੍ਹਾ ਹੀ ਕੁੱਝ ਮਨੋਵਿਗਿਆਨਕ ਥੰਮਾਂ ਤੇ ਹੈ। ਇਸ ਵਿੱਚ ਸਭ ਤੋਂ ਵੱਡਾ ਥੰਮ ਵਿਸ਼ਵਾਸ਼ ਦਾ ਹੈ। ਵਿੱਤੀ ਅਰਥਚਾਰਾ ਬੁਨਿਆਦੀ ਤੌਰ ਤੇ ਭਰੋਸੇ ਦੀ ਮਾਨਸਿਕਤਾ ਤੇ ਖੜ੍ਹਾ ਹੈ। ਇਹੀ ਕਾਰਨ ਹੈ ਕਿ ਕਿਸੇ ਛੋਟੇ ਜਿਹੇ ਸਿਆਸੀ ਸੰਕਟ ਨਾਲ ਹੀ ਸ਼ੇਅਰ ਬਜ਼ਾਰ ਲੁੜ ਜਾਂਦਾ ਹੈ। ਇਸ ਨੂੰ ਸਮਝਣ ਲਈ ਭਾਰਤ ਦੀਆਂ ਕੁੱਝ ਪ੍ਰਾਈਵੇਟ ਵਿੱਤੀ ਕੰਪਨੀਆਂ ਦੀ ਮਿਸਾਲ ਲੈ ਸਕਦੇ ਹਾਂ, ਜਿਨ੍ਹਾਂ ਨੂੰ ਚਿਟ ਫੰਡ ਕੰਪਨੀਆਂ ਕਿਹਾ ਜਾਂਦਾ ਸੀ। ਕੁਝ ਸਾਲ ਪਹਿਲਾਂ ਮੁਲਕ ਵਿੱਚ ਇਹ ਵਿੱਤੀ ਸੰਸਥਾਵਾਂ ਬਹੁਤ ਛੋਟੇ ਅਰਸੇ ਵਿੱਚ ਰਾਸ਼ਟਰੀ ਕੰਪਨੀਆਂ ਦੇ ਤੌਰ ਤੇ ਖੜ੍ਹੀਆਂ ਹੋ ਗਈਆਂ। ਇਹ ਕੰਪਨੀਆਂ ਪੈਸੇ ਦੁਗਣੇ ਕਰਨ ਜਿਹੀਆਂ ਸਕੀਮਾਂ ਚਲਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਰਾਸ਼ਟਰੀ ਸਹਾਰਾ ਨੇ ਵੀ ਆਪਣੀ ਸ਼ੁਰੂਆਤ ਇੱਕ ਚਿੱਟ ਫੰਡ ਕੰਪਨੀ ਦੇ ਤੌਰ ਤੇ ਹੀ ਕੀਤੀ ਸੀ। ਪੰਜਾਬ ਵਿੱਚ ਇਸ ਦੀ ਸਭ ਤੋਂ ਵੱਡੀ ਮਿਸਾਲ ਗੋਲਡਨ ਫਾਰੈਸਟ ਸੀ। ਇਹ ਕੰਪਨੀਆਂ ਨੈਟਵਰਕ ਮਾਰਕੀਟਿੰਗ ਕੰਪਨੀਆਂ ਦੇ ਪੈਟਰਨ ਤੇ ਚਲਾਈਆਂ ਜਾਂਦੀਆਂ ਸਨ। ਇਹ ਕੰਪਨੀਆਂ ਇਹ ਸਕੀਮ ਦਿੰਦੀਆਂ ਸਨ ਕਿ ਜੇ ਤੁਸੀਂ ਉਨ੍ਹਾਂ ਕੋਲ ਪੈਸੇ ਜਮਾਂ ਕਰਵਾਓ ਤਾਂ ਉਹ ਇੱਕ ਨਿਸ਼ਚਿਤ ਅਰਸੇ ਵਿੱਚ ਦੁਗਣੇ ਪੈਸੇ ਵਾਪਸ ਕਰਨਗੀਆਂ। ਇਹਨਾਂ ਕੰਪਨੀਆਂ ਨੇ ਮੁਢਲੇ ਸਾਲਾਂ ਦੌਰਾਨ ਇਸ ਤਰਾਂ ਕਿੰਨੇ ਹੀ ਲੋਕਾਂ ਨੂੰ ਇਸ ਤਰਾਂ ਪੈਸੇ ਦਿੱਤੇ ਵੀ। ਇਹ ਸਾਰਾ ਕੁੱਝ ਇਸ ਨਿਯਮ ਤੇ ਚੱਲਦਾ ਸੀ ਕਿ ਨਵੇਂ ਨਿਵੇਸ਼ਕਾਂ ਤੋਂ ਪੈਸੇ ਲੈ ਕੇ ਪਹਿਲਿਆਂ ਨੂੰ ਮੋੜੇ ਜਾਂਦੇ ਸਨ ਅਤੇ ਇਸ ਤਰਾਂ ਇਹ ਸਿਲਸਿਲਾ ਅੱਗੇ ਤੋਂ ਅੱਗੇ ਚਲਦਾ ਜਾਂਦਾ ਸੀ। ਇਹ ਸਾਰਾ ਕੁੱਝ ਲੋਕਾਂ ਦੇ ਵਿਸ਼ਵਾਸ਼ ਤੇ ਚੱਲਦਾ ਸੀ। ਜਦ ਆਰਬੀਆਈ ਵੱਲੋਂ ਪ੍ਰਾਈਵੇਟ ਵਿੱਤੀ ਅਦਾਰਿਆਂ ਦੁਆਰਾ ਅਜਿਹੀ ਪ੍ਰੈਕਟਿਸ ਤੇ ਪਬੰਦੀ ਲਾਈ ਗਈ ਤਾਂ ਮੀਡੀਆ ਵਿੱਚ ਇਹ ਖਬਰਾਂ ਆ ਗਈਆਂ ਕਿ ਇਹ ਕੰਪਨੀਆਂ ਬੰਦ ਹੋ ਸਕਦੀਆਂ ਹਨ। ਇਸ ਤਰਾਂ ਨਿਵੇਸ਼ਕਾਂ ਅੰਦਰ ਡਰ ਫੈਲ ਗਿਆ ਅਤੇ ਉਨ੍ਹਾਂ ਇੱਕਦਮ ਪੈਰ ਪਿੱਛੇ ਖਿਚ ਲਏ। ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵੇਂ ਨਿਵੇਸ਼ਕ ਆਉਣੇ ਬੰਦ ਹੋ ਗਏ ਅਤੇ ਪੁਰਾਣਿਆਂ ਨੇ ਡੁਬਣ ਦੇ ਡਰੋਂ ਆਪਣੇ ਪੈਸੇ ਮਿਆਦ ਤੋਂ ਪਹਿਲਾਂ ਹੀ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਸਿਟਾ ਇਹ ਨਿਕਲਿਆ ਕਿ ਕੁੱਝ ਹੀ ਦਿਨਾਂ ਅੰਦਰ ਇਨ੍ਹਾਂ ਕੰਪਨੀਆਂ ਢਹਿ ਢੇਰੀ ਹੋ ਗਈਆਂ। ਇਹ ਤਾਂ ਪ੍ਰਾਈਵੇਟ ਕੰਪਨੀਆਂ ਸਨ ਅਤੇ ਆਰਬੀਆਈ ਨੇ ਇਨ੍ਹਾਂ ਦੀਆਂ ਸਰਗਰਮੀਆਂ ਨੂੰ ਗੈਰ ਕਨੂੰਨੀ ਕਰਾਰ ਦੇ ਦਿੱਤਾ ਸੀ। ਪਰ ਜੇ ਨਿਵੇਸ਼ਕਾਂ ਦੇ ਮਨਾਂ ਵਿੱਚ ਅਜਿਹੇ ਸ਼ੰਕੇ ਕਿਸੇ ਪਬਲਿਕ ਸੈਕਟਰ ਦੇ ਅਦਾਰੇ ਪ੍ਰਤੀ ਵੀ ਪੈਦਾ ਹੋ ਜਾਣ ਤਾਂ ਉਸ ਲਈ ਵੀ ਅਜਿਹੇ ਵਿਆਪਕ ਸਮਾਜਕ ਡਰ ਦਾ ਭਾਰ ਝੱਲ ਸਕਣਾ ਮੁਸ਼ਕਲ ਹੋ ਜਾਵੇਗਾ। ਇਥੋਂ ਤੱਕ ਕਿ ਜਿਨ੍ਹਾਂ ਸਰਕਾਰਾਂ ਬਾਰੇ ਵੀ ਲੋਕਾਂ ਅੰਦਰ ਇਹ ਧਾਰਨਾ ਪੈਦਾ ਹੋ ਜਾਵੇ ਕਿ ਇਹ ਸਥਿਰ ਨਹੀਂ ਹਨ, ਲੋਕ ਉਨ੍ਹਾਂ ਸਰਕਾਰ ਤੋਂ ਹੱਥ ਪਿੱਛੇ ਖਿੱਚ ਲੈਂਦੇ ਹਨ। ਮਨੋਵਿਗਿਆਨਕ ਪਹਿਲੂ ਇੱਕ ਬਹੁਤ ਵੱਡੀ ਤਾਕਤ ਹੈ। ਇਹ ਪਹਿਲੂ ਹਰ ਖੇਤਰ ਵਿੱਚ ਕੰਮ ਕਰਦਾ ਹੈ। ਮਿਸਾਲ ਦੇ ਤੌਰ ਤੇ ਪਿਛਲੇ ਸਮੇਂ ਦੌਰਾਨ ਤੇਲ ਦੀਆਂ ਕੀਮਤਾਂ ਕਿਉਂ ਵਧੀਆਂ, ਉਸ ਦੀ ਕੋਈ ਇੱਕ ਵਿਆਖਿਆ ਨਹੀਂ ਹੈ। ਵੱਖ ਵੱਖ ਲੋਕਾਂ ਨੇ ਇਸ ਦੇ ਵੱਖ ਵੱਖ ਕਾਰਨ ਦਿੱਤੇ ਪਰ ਕੋਈ ਵੀ ਅਜਿਹਾ ਕਾਰਨ ਨਹੀਂ ਸੀ ਕਿ ਜਿਸ ਬਾਰੇ ਸਾਰੇ ਆਰਥਿਕ ਮਾਹਰ ਇਕਮਤ ਹੋਣ। ਬੀਬੀਸੀ ਦੁਆਰਾ ਇਸ ਬਾਰੇ ਬਹੁਤ ਸਾਰੇ ਮਾਹਰਾਂ ਨਾਲ ਗੱਲਬਾਤ ਕੀਤੀ ਗਈ, ਪਰ ਸਭ ਦੀ ਰਾਏ ਵੱਖਰੀ ਸੀ। ਕੋਈ ਇਸ ਦਾ ਕਾਰਨ ਓਪੇਕ ਮੁਲਕਾਂ ਦੇ ਕਾਰਟਲ ਦੁਆਰਾ ਸਪਲਾਈ ਨਾ ਵਧਾਉਣਾ ਦੱਸ ਰਿਹਾ ਸੀ। ਕੋਈ ਕਹਿ ਰਿਹਾ ਸੀ ਕਿ ਚੀਨ ਅਤੇ ਭਾਰਤ ਵਿੱਚ ਤੇਲ ਦੀ ਵਧੀ ਮੰਗ ਕਾਰਨ ਅਜਿਹਾ ਹੋ ਰਿਹਾ ਹੈ। ਕੋਈ ਕਹਿ ਰਿਹਾ ਸੀ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਪੈਦਾ ਹੋਇਆ ਤਣਾਅ ਇਸ ਲਈ ਜਿੰਮੇਵਾਰ ਹੈ। ਕੋਈ ਕਹਿ ਰਿਹਾ ਸੀ ਕਿ ਤੇਲ ਦੇ ਵਪਾਰੀਆਂ ਵਿੱਚ ਇਹ ਦੌੜ ਲੱਗ ਗਈ ਸੀ ਕਿ ਦੇਖੋ ਕਿਹੜਾ 100 ਡਾਲਰ ਪ੍ਰਤੀ ਬੈਰਲ ਤੇ ਸਭ ਤੋਂ ਪਹਿਲੀ ਵਾਰ ਤੇਲ ਵੇਚਦਾ ਹੈ, ਜਿਵੇਂ ਬੱਚੇ ਫਸਟ ਆਉਣ ਦੀਆਂ ਖੇਡਾਂ ਖੇਡਦੇ ਹਨ। ਕਿਸੇ ਸੱਜਣ ਨੇ ਬੇਨਜ਼ੀਰ ਦੇ ਕਤਲ ਦੀ ਘਟਨਾ ਨਾਲ ਵੀ ਇਸ ਨੂੰ ਜੋੜਿਆ। ਪ੍ਰਤੱਖ ਹੈ ਕਿ ਤੇਲ ਦੀਆਂ ਕੀਮਤਾਂ ਵਧਣ ਦਾ ਕੋਈ ਇੱਕ ਕਾਰਨ ਨਹੀਂ ਸੀ। ਭਾਰਤ ਵਿੱਚ ਕੁਝ ਸਾਲ ਪਹਿਲਾਂ ਪਿਆਜ਼ ਦੀਆਂ ਕੀਮਤਾਂ ਜਿਵੇਂ ਹੈਰਾਨੀਜਨਕ ਤਰੀਕੇ ਨਾਲ ਅਸਮਾਨ ਨੂੰ ਚੜ੍ਹ ਗਈਆਂ ਸਨ, ਉਸ ਦੀ ਵੀ ਕੋਈ ਇੱਕ ਸਰਵਪ੍ਰਵਾਨਤ ਵਿਆਖਿਆ ਨਹੀਂ ਸੀ। ਇਹ ਠੀਕ ਸੀ ਕਿ ਮਹਿੰਗਾਈ ਦੀ ਸ਼ੁਰੂਆਤ ਇਸ ਗੱਲ ਤੋਂ ਹੋਈ ਸੀ ਕਿ ਪਿਆਜ਼ ਪੈਦਾ ਕਰਨ ਵਾਲੇ ਕੁੱਝ ਖੇਤਰਾਂ ਵਿੱਚ ਉਸ ਸਾਲ ਪਿਆਜ਼ ਦੀ ਪੈਦਾਵਾਰ ਘੱਟ ਹੋਈ ਸੀ। ਉਸ ਨਾਲ ਮਹਿੰਗਾਈ ਦੀ ਸ਼ੁਰੂਆਤ ਹੋ ਗਈ। ਪਰ ਅੱਗੇ ਹੋਰ ਪਹਿਲੂ ਜੁੜ ਗਏ। ਜਿਵੇਂ ਪਿਆਜ਼ ਮਹਿੰਗੇ ਹੁੰਦੇ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਜ਼ਖੀਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਨਾਲ ਮਾਰਕੀਟ ਵਿੱਚ ਪਿਆਜ਼ ਦੀ ਹੋਰ ਥੁੜ੍ਹ ਪੈਦਾ ਹੋ ਗਈ। ਜਿਸ ਨਾਲ ਕੀਮਤ ਹੋਰ ਵਧ ਗਈ। ਫੇਰ ਮੀਡੀਆ ਵਿੱਚ ਖਬਰਾਂ ਆਉਣ ਨਾਲ ਚਾਰੇ ਪਾਸੇ ਰੌਲਾ ਪੈ ਗਿਆ ਕਿ ਪਿਆਜ਼ ਬਹੁਤ ਮਹਿੰਗੇ ਹੋ ਗਏ ਹਨ। ਇਸ ਨਾਲ ਹਰ ਪਾਸੇ ਡਰ ਪੈਦਾ ਹੋ ਗਿਆ ਅਤੇ ਵੇਚਣ ਵਾਲਿਆਂ ਨੇ ਆਪੋ ਆਪਣੇ ਸਤਰ ਤੇ ਪਿਆਜ਼ ਹੋਰ ਹੋਰ ਮਹਿੰਗੇ ਵੇਚਣੇ ਸ਼ੁਰੂ ਕਰ ਦਿੱਤੇ। ਭਾਵੇਂ ਸ਼ੁਰੂਆਤ ਇਸ ਆਰਥਿਕ ਕਾਰਨ ਨਾਲ ਹੋਈ ਕਿ ਕੁੱਝ ਖੇਤਰਾਂ ਵਿੱਚ ਪਿਆਜ਼ ਦੀ ਪੈਦਾਵਾਰ ਉਸ ਸਾਲ ਘੱਟ ਹੋਈ ਸੀ, ਪਰ ਪੂਰੇ ਮੁਲਕ ਵਿੱਚ ਪਿਆਜ਼ ਦੀਆਂ ਕੀਮਤਾਂ ਜਿਸ ਤਰਾਂ ਅਸਮਾਨ ਨੂੰ ਚੜ੍ਹੀਆਂ ਅਤੇ ਇੱਕ ਰਾਜਨੀਤਕ ਮੁੱਦਾ ਬਣ ਗਈਆਂ, ਉਹ ਸਿਰਫ ਇਸ ਇੱਕ ਅਤੇ ਮੂਲ ਕਾਰਨ ਕਰਕੇ ਨਹੀਂ ਸੀ। ਇਸ ਨਾਲ ਹੋਰ ਅਨੇਕਾਂ ਸਮਾਜਕ ਤੇ ਮਨੋਵਿਗਿਆਨਕ ਪਹਿਲੂ ਵੀ ਜੁੜ ਚੁੱਕੇ ਸਨ। ਇਹ ਗੱਲ ਹਰ ਖੇਤਰ ਵਿੱਚ ਹੁੰਦੀ ਹੈ। ਤੇਲ ਤੋਂ ਲੈ ਕੇ ਰੀਅਲ ਅਸਟੇਟ ਮਾਰਕੀਟ ਤੱਕ ਵਿੱਚ ਇਹ ਸਮਾਜਕ ਅਤੇ ਮਨੋਵਿਗਿਆਨਕ ਪਹਿਲੂ ਕੰਮ ਕਰਦੇ ਹਨ। ਇਹੀ ਗੱਲ ਕੌਮਾਂਤਰੀ ਆਰਥਿਕ ਮੰਦਵਾੜੇ ਬਾਰੇ ਵੀ ਕਹੀ ਜਾ ਸਕਦੀ ਹੈ। ਬੇਸ਼ਕ ਇਹ ਅਮਰੀਕਾ ਦੇ ਹਾਊਸਿੰਗ ਸੈਕਟਰ ਤੋਂ ਸ਼ੁਰੂ ਹੋਇਆ, ਪਰ ਸਿਰਫ ਉਸ ਕਾਰਨ ਨਹੀਂ ਹੈ ਬਲਕਿ ਦੂਸਰੇ ਪਹਿਲੂ ਜ਼ਿਆਦਾ ਵੱਡੇ ਹੋ ਗਏ ਹਨ।
ਇਸ ਨੂੰ ਇੱਕ ਹੋਰ ਮਨੋਵਿਗਿਆਨਕ ਨਿਯਮ ਨਾਲ ਵੀ ਸਮਝਿਆ ਜਾ ਸਕਦਾ ਹੈ, ਜਿਸ ਦੀ ਬਹੁਤ ਵਿਸਥਾਰ ਵਿੱਚ ਵਿਆਖਿਆ ਬਹੁ ਚਰਚਿਤ ਕਿਤਾਬ ' ਦ ਸੀਕਰੇਟ' ਦੀ ਲੇਖਿਕਾ ਰੌਂਡਾ ਬਾਇਰਨ ਨੇ ਕੀਤੀ ਹੈ। ਇਸ ਨਿਯਮ ਨੂੰ ਲਾਅ ਔਫ ਅਟਰੈਕਸ਼ਨ ਜਾਂ ਕਸ਼ਿਸ਼ ਦਾ ਨਿਯਮ ਕਿਹਾ ਜਾਂਦਾ ਹੈ। ਇਸ ਨਿਯਮ ਮੁਤਾਬਕ ਜਿਸ ਗੱਲ ਬਾਰੇ ਤੁਸੀਂ ਲਗਾਤਾਰ ਸੋਚਦੇ ਰਹਿੰਦੇ ਹੋ, ਉਸ ਨੂੰ ਲਗਾਤਾਰ ਵਧਾਉਂਦੇ ਰਹਿੰਦੇ ਹੋ। ਮਿਸਾਲ ਦੇ ਤੌਰ ਤੇ ਜੇ ਕੋਈ ਵਿਅਕਤੀ ਬਿਮਾਰ ਹੋਵੇ ਅਤੇ ਲਗਾਤਾਰ ਇਹ ਸੋਚਦਾ ਰਹੇ ਕਿ ਮੈਂ ਬਿਮਾਰ ਹਾਂ ਤਾਂ ਕੁੱਝ ਗਹਿਰੇ ਮਨੋਵਿਗਿਆਨਕ ਕਾਰਨਾਂ ਕਰਕੇ ਉਹ ਆਪਣੀ ਇਸ ਬਿਮਾਰੀ ਨੂੰ ਹੋਰ ਲੰਬਾ ਕਰਦਾ ਜਾਂਦਾ ਹੈ। ਇਸ ਕਰਕੇ ਮਨੋਵਿਗਿਆਨੀ ਰਾਏ ਦਿੰਦੇ ਹਨ ਕਿ ਬਿਮਾਰ ਵਿਅਕਤੀ ਨੂੰ ਬਿਮਾਰੀ ਦੀ ਮਾਨਸਿਕਤਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਬਲਕਿ ਇਹ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੈਂ ਠੀਕ ਹਾਂ। ਮੈਂ ਠੀਕ ਹੋ ਰਿਹਾ ਹਾਂ। ਇਸ ਤਰਾਂ ਦੀ ਸੋਚ ਉਸ ਨੂੰ ਜਲਦੀ ਬਿਮਾਰੀ ਵਿੱਚੋਂ ਨਿਕਲਣ ਵਿੱਚ ਮਦਦ ਕਰੇਗੀ। ਇਸੇ ਨਿਯਮ ਨੂੰ ਸਮੂਹਿਕ ਮਨ ਜਾਂ ਸਮਾਜਕ ਪਹਿਲੂਆਂ ਤੇ ਵੀ ਲਾਗੂ ਕੀਤਾ ਜਾਂਦਾ ਹੈ। ਜਦੋਂ ਪੂਰਾ ਸਮਾਜ ਲਗਾਤਾਰ ਇਹ ਸੋਚਦਾ ਰਹਿੰਦਾ ਹੈ ਕਿ ਮੰਦਵਾੜਾ ਹੈ, ਮੰਦਵਾੜਾ ਹੈ ਤਾਂ ਇਸ ਨਾਲ ਮੰਦਵਾੜਾ ਹੋਰ ਗਹਿਰਾ ਹੁੰਦਾ ਜਾਂਦਾ ਹੈ। ਇਹ ਸੰਕਟ ਹੁਣ ਉਦੋਂ ਖਤਮ ਹੋਣ ਲੱਗੇਗਾ ਜਦੋਂ ਲੋਕ ਆਪਣੇ ਆਪ ਹੀ ਮੰਦਵਾੜੇ ਦੀ ਮਾਨਸਿਕਤਾ ਵਿੱਚੋਂ ਨਿਕਲਣਾ ਸ਼ੁਰੂ ਕਰਨਗੇ।
ਕੁੱਝ ਆਰਥਿਕ ਮਾਹਰਾਂ ਨੇ ਵੀ ਇਸ ਦੀ ਵਿਆਖਿਆ ਕੀਤੀ ਹੈ ਕਿ ਇਹ ਮੰਦਵਾੜਾ ਕੁੱਝ ਮਹੀਨੇ ਹੋਰ ਚੱਲਣ ਤੋਂ ਬਾਅਦ ਕਿਵੇਂ ਖਤਮ ਹੋਵੇਗਾ। ਮਿਸਾਲ ਦੇ ਤੌਰ ਤੇ ਸੰਕਟ ਦੇ ਡਰ ਕਾਰਨ ਲੋਕਾਂ ਨੇ ਘਰ ਅਤੇ ਹੋਰ ਸਭ ਕੁੱਝ ਖਰੀਦਣਾ ਬੰਦ ਕਰ ਦਿੱਤਾ ਹੈ। ਅਮਰੀਕਾ ਵਿੱਚ ਘਰਾਂ ਦੀ ਸੇਲ 2008 ਵਿੱਚ ਪਹਿਲੇ ਸਾਲ ਦੇ ਮੁਕਾਬਲੇ ਅੱਧੀ ਰਹਿ ਗਈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 2009 ਵਿੱਚ ਘਰਾਂ ਦੀਆਂ ਕੀਮਤਾਂ ਹੋਰ ਥੱਲੇ ਆਉਣਗੀਆਂ ਤੇ 2007 ਦੇ ਮੁਕਾਬਲੇ 30 ਫੀਸਦੀ ਤੱਕ ਥੱਲੇ ਜਾ ਸਕਦੀਆਂ ਹਨ। ਇੱਕ ਨੁਕਤੇ ਤੇ ਜਾ ਕੇ ਇਸ ਦਾ ਅਸਰ ਇਹ ਹੋਵੇਗਾ ਕਿ ਕੀਮਤਾਂ ਬਹੁਤ ਥੱਲੇ ਆ ਜਾਣ ਕਾਰਨ ਲੋਕ ਇਸ ਨੂੰ ਘਰ ਖਰੀਦਣ ਦਾ ਸਹੀ ਮੌਕਾ ਸਮਝਣਗੇ ਅਤੇ ਦੁਬਾਰਾ ਸੇਲ ਸ਼ੁਰੂ ਹੋ ਜਾਵੇਗੀ। ਜਦੋਂ ਇਸ ਤਰਾਂ ਦੁਬਾਰਾ ਖਰੀਦ ਸ਼ੁਰੂ ਹੋਏਗੀ ਤਾਂ ਆਪਣੇ ਆਪ ਹੀ ਮੰਦਵਾੜੇ ਦਾ ਇਹ ਚੱਕਰ ਟੁਟਣ ਲੱਗੇਗਾ। ਜੇ ਲਾਅ ਔਫ ਅਟਰੈਕਸ਼ਨ ਦੇ ਹਿਸਾਬ ਨਾਲ ਇਸ ਦੀ ਵਿਆਖਿਆ ਕਰੀਏ ਤਾਂ ਹੋਏਗਾ ਇਹ ਕਿ ਛੇ ਮਹੀਨੇ ਬਾਅਦ ਮੀਡੀਆ ਰਿਸੈਸ਼ਨ ਦੀਆਂ ਖਬਰਾਂ ਛਾਪ ਛਾਪ ਕੇ ਉਕਤਾ ਜਾਵੇਗਾ ਅਤੇ ਕਸ਼ਮੀਰ ਦੀਆਂ ਵਾਰਦਾਤਾਂ ਵਾਂਗ ਰਿਸੈਸ਼ਨ ਦੀਆਂ ਖਬਰਾਂ ਅਸਲ ਵਿੱਚ ਖਬਰਾਂ ਨਹੀਂ ਰਹਿ ਜਾਣਗੀਆਂ। ਇਸ ਤਰਾਂ ਲੋਕ ਜਦੋਂ ਰਿਸੈਸ਼ਨ ਦੀਆਂ ਗੱਲਾਂ ਕਰਨੀਆਂ ਬੰਦ ਕਰ ਦੇਣਗੇ ਅਤੇ ਇਸ ਦੇ ਡਰ ਚੋਂ ਨਿਕਲ ਜਾਣਗੇ ਤਾਂ ਆਪਣੇ ਆਪ ਹੀ ਸਾਰੀ ਸਥਿਤੀ ਵਿੱਚ ਮੋੜਾ ਪੈਣਾ ਸ਼ੁਰੂ ਹੋ ਜਾਵੇਗਾ।
ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ