ਰੂਹਾਨੀ ਸੰਗੀਤ ਦੀ ਵਿਸ਼ਵ ਲਹਿਰ
I wrote this article on New Age music few years ago and it published in Punjabi Tribune.
ਰੂਹਾਨੀ ਲਹਿਰਾਂ ਖਾਸ ਕਰਕੇ ਪੂਰਬੀ ਸਭਿਆਚਾਰਕ ਜੜ੍ਹਾਂ ਵਾਲੀਆਂ ਰੂਹਾਨੀ ਲਹਿਰਾਂ ਦੇ ਅਸਰ ਵਾਲਾ ਜੋ ਸੰਗੀਤ ਦੁਨੀਆ ਵਿੱਚ ਪੈਦਾ ਹੋਇਆ ਹੈ, ਉਹ ਇਸ ਵੇਲੇ ਦੁਨੀਆ ਦੇ ਸੰਗੀਤ ਵਿੱਚ ਇੱਕ ਦਮਦਾਰ ਅਤੇ ਸੁਤੰਤਰ ਧਾਰਾ ਬਣ ਚੁੱਕਾ ਹੈ। ਇਸ ਸੰਗੀਤ ਨੂੰ ਵੱਖ ਵੱਖ ਤਰਾਂ ਦੇ ਨਾਂ ਦਿੱਤੇ ਗਏ ਹਨ। ਇਹ ਸੰਗੀਤ ਕਿਉਂਕਿ ਉਨ੍ਹਾਂ ਲੋਕਾਂ ਦੁਆਰਾ ਪੈਦਾ ਕੀਤਾ ਗਿਆ, ਜਿਹੜੇ ਪੱਛਮ ਵਿੱਚ ਚੱਲੀਆਂ ਨਿਊ ਏਜ ਰੂਹਾਨੀ ਲਹਿਰਾਂ ਨਾਲ ਜੁੜੇ ਸਨ, ਇਸ ਕਰਕੇ ਇਸ ਕਈ ਲੋਕਾਂ ਨੇ ਇਸ ਦਾ ਨਾਂ ਨਿਊ ਏਜ ਮਿਊਜ਼ਕ ਰੱਖ ਦਿੱਤਾ। ਦੁਨੀਆ ਦੇ ਸਭ ਤੋਂ ਵੱਕਾਰੀ ਸੰਗੀਤ ਅਵਾਰਡਾਂ ਗਰੈਮੀ ਅਵਾਰਡਜ਼ ਵਿੱਚ ਅਜਿਹੇ ਸੰਗੀਤ ਲਈ ਜਿਹੜੀ ਸ਼੍ਰੇਣੀ ਰੱਖੀ ਗਈ, ਉਸ ਦਾ ਨਾਂ ਵੀ ਨਿਊ ਏਜ ਮਿਊਜ਼ਕ ਹੀ ਰੱਖਿਆ ਗਿਆ ਹੈ। ਕੁੱਝ ਲੋਕ ਇਸ ਨੂੰ ਪ੍ਰਾਕਿਰਤਕ ਸੰਗੀਤ ਵੀ ਕਹਿ ਦਿੰਦੇ ਹਨ। ਕੁੱਝ ਲੋਕ ਰੂਹਾਨੀ ਸੰਗੀਤ ਦਾ ਨਾਂ ਦੇ ਦਿੰਦੇ ਹਨ। ਨਾਂ ਭਾਵੇਂ ਕੋਈ ਵੀ ਹੋਵੇ, ਪਰ ਇਹ ਤਾਂ ਪ੍ਰਤੱਖ ਹੈ ਕਿ ਅਜਿਹੇ ਸੰਗੀਤ ਨੇ ਇਸ ਵੇਲੇ ਆਪਣੀ ਇੱਕ ਵੱਖਰੀ ਪਛਾਣ ਅਤੇ ਬਹੁਤ ਵੱਡੀ ਵਿਸ਼ਵ ਵਿਆਪੀ ਮਾਰਕੀਟ ਪੈਦਾ ਕਰ ਲਈ ਹੈ। ਕੁੱਝ ਲੋਕ ਇਸ ਨੂੰ ਆਉਣ ਵਾਲੇ ਦੌਰ ਦਾ ਸੰਗੀਤ ਵੀ ਕਹਿ ਦਿੰਦੇ ਹਨ। ਇਸ ਮਿਊਜ਼ਕ ਦੀ ਪਛਾਣ ਦੇ ਦੋ ਪਹਿਲੂ ਹਨ। ਕੁੱਝ ਸੰਗੀਤਕਾਰ ਤਾਂ ਅਜਿਹੇ ਹਨ, ਜਿਹੜੇ ਪੂਰੀ ਤਰਾਂ ਰਚ ਹੀ ਅਜਿਹਾ ਸੰਗੀਤ ਰਹੇ ਹਨ। ਉਹ ਖੁਦ ਪੂਰੀ ਤਰਾਂ ਵੱਖ ਵੱਖ ਤਰਾਂ ਦੀਆਂ ਰੂਹਾਨੀ ਲਹਿਰਾਂ ਨੂੰ ਸਮਰਪਿਤ ਹਨ। ਦੂਜੇ ਵਰਗ ਵਿੱਚ ਅਜਿਹੇ ਸੰਗੀਤਕਾਰ ਹਨ, ਜਿਨ੍ਹਾਂ ਨੇ ਕਈ ਤਰਾਂ ਦਾ ਸੰਗੀਤ ਰਚਿਆ ਅਤੇ ਕੁੱਝ ਹਿੱਸਾ ਅਜਿਹਾ ਸੰਗੀਤ ਵੀ ਦਿੱਤਾ, ਜਿਸਨੂੰ ਨਿਊ ਏਜ ਮਿਊਜ਼ਿਕ ਕਿਹਾ ਜਾ ਸਕਦਾ ਹੈ।
ਦੁਨੀਆ ਵਿੱਚ ਅਜਿਹਾ ਸੰਗੀਤ ਅੱਜ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਧਾਰਾ ਹੈ ਅਤੇ ਇਸ ਵਿੱਚ ਤਰਾਂ ਤਰਾਂ ਦੇ ਪ੍ਰਯੋਗ ਵੀ ਹੋ ਰਹੇ ਹਨ। ਇਸ ਸੰਗੀਤ ਦੀ ਸ਼ੁਰੂਆਤ ਦੇ ਜੇ ਪਿਛੋਕੜ ਵਿੱਚ ਜਾਈਏ ਤਾਂ ਇਸ ਦਾ ਇੱਕੋ ਇੱਕ ਕਾਰਨ ਜਾਂ ਸਰੋਤ ਮੈਡੀਟੇਸ਼ਨ ਜਾਂ ਸਾਧਨਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸਮੂਹਿਕ ਤੌਰ ਤੇ ਇਸ ਤਰਾਂ ਦੇ ਸੰਗੀਤ ਦੇ ਮੁਢਲੇ ਪ੍ਰਯੋਗ ਯੂਰਪ ਅਤੇ ਅਮਰੀਕਾ ਵਿੱਚ 60ਵਿਆਂ ਵਿੱਚ ਸ਼ੁਰੂ ਹੋਏ।ਉਂਝ ਵਿਕੋਲਿੱਤਰੇ ਤੌਰ ਤੇ ਅਜਿਹੇ ਤਜ਼ਰਬੇ ਬਹੁਤ ਪਹਿਲਾਂ ਸ਼ੁਰੂ ਹੋ ਗਏ ਸਨ। ਸੰਗੀਤਕਾਰ ਹਾਰਟਮੈਨ ਕਾਫੀ ਸਮਾਂ ਰੂਸੀ ਸੰਤ ਗੁਰਜੀਏਫ ਨਾਲ ਭ੍ਰਮਣ ਕਰਦਾ ਰਿਹਾ। ਉਸ ਨੇ ਗੁਰਜੀਏਫ ਵੀ ਅਗਵਾਈ ਹੇਠ ਅਜਿਹਾ ਮਿਊਜ਼ਕ ਤਿਆਰ ਕੀਤਾ, ਜਿਸ ਨੂੰ ਆਤਮਾ ਦੀ ਜਾਗ ਦਾ ਸੰਗੀਤ ਕਿਹਾ ਜਾ ਸਕਦਾ ਹੈ। ਪਰ ਅਜਿਹਾ ਸੰਗੀਤ ਉਸ ਦੌਰ ਵਿੱਚ ਕੋਈ ਲਹਿਰ ਨਹੀਂ ਬਣਿਆ ਬਲਕਿ ਰੂਹਾਨੀ ਜਗਿਆਸੂਆਂ ਦੇ ਬਹੁਤ ਛੋਟੇ ਅਤੇ ਸੀਮਤ ਦਾਇਰੇ ਤੱਕ ਹੀ ਸੀਮਤ ਰਿਹਾ। ਸੱਠਵਿਆਂ ਦੇ ਦੌਰ ਵਿੱਚ ਇਹ ਪ੍ਰਯੋਗ ਉਨ੍ਹਾਂ ਲੋਕਾਂ ਨੇ ਹੀ ਸ਼ੁਰੂ ਕੀਤੇ ਜਿਹੜੇ ਮੈਡੀਟੇਸ਼ਨ ਜਾਂ ਰੂਹਾਨੀ ਜਗਿਆਸਾ ਨਾਲ ਜੁੜੇ ਸਨ। ਹੌਲੀ ਹੌਲੀ ਮੈਡੀਟੇਸ਼ਨ ਆਦਿ ਵਾਸਤੇ ਅਜਿਹੇ ਸੰਗੀਤ ਦੀ ਰਿਕਾਰਡਿੰਗ ਸ਼ੁਰੂ ਹੋ ਗਈ ਅਤੇ 80ਵਿਆਂ ਤੱਕ ਪਹੁੰਚਦਿਆਂ ਇਸ ਤਰਾਂ ਦੇ ਮਿਊਜ਼ਕ ਨੇ ਬਕਾਇਦਾ ਪਛਾਣ ਬਣਾ ਲਈ। ਪੱਛਮ ਵਿੱਚ ਬਹੁਤ ਸਾਰੇ ਰੇਡੀਓ ਸਟੇਸ਼ਨ ਸ਼ੁਰੂ ਹੋ ਗਏ, ਜਿਹੜੇ ਆਪਣੇ ਆਪ ਨੂੰ ਨਿਊ ਏਜ ਮਿਊਜ਼ਕ ਰੇਡੀਓ ਕਹਿੰਦੇ ਸਨ। ਮਿਊਜ਼ਕ ਸਟੋਰਾਂ ਵਿੱਚ ਨਿਊ ਏਜ ਮਿਊਜ਼ਕ ਲਈ ਵੱਖਰੇ ਸੈਕਸ਼ਨ ਬਣ ਗਏ ਅਤੇ 1987 ਦੇ ਗਰੈਮੀ ਮਿਊਜ਼ਕ ਅਵਾਰਡਾਂ ਵਿੱਚ ਪਹਿਲੀ ਵਾਰ ਇਸ ਤਰਾਂ ਦੇ ਮਿਊਜ਼ਕ ਲਈ ਵੱਖਰੀ ਕੈਟੇਗਰੀ ਰੱਖੀ ਗਈ। ਅਮਰੀਕਾ ਵਿੱਚ ਸੈਂਟਾ ਕਰੂਜ਼ ਵਿੱਚ ਸ਼ੁਰੂ ਹੋਏ ਰੇਡੀਓ ਸਟੇਸ਼ਨ 'ਕਲਰਜ਼' ਨੂੰ ਦੁਨੀਆ ਦਾ ਪਹਿਲਾ ਨਿਊ ਏਜ ਰੇਡੀਓ ਸਟੇਸ਼ਨ ਕਿਹਾ ਜਾਂਦਾ ਹੈ। ਇਸ ਵੇਲੇ ਪੱਛਮ ਵਿੱਚ ਅਜਿਹੇ ਰੇਡੀਓ ਸਟੇਸ਼ਨ ਵੱਡੀ ਗਿਣਤੀ ਵਿੱਚ ਹਨ, ਜਿਹੜੇ ਸਾਰਾ ਦਿਨ ਨੌਨ ਸਟੌਪ ਅਜਿਹਾ ਮਿਊਜ਼ਕ ਹੀ ਚਲਾਉਂਦੇ ਹਨ। ਭਾਵੇਂ ਅੱਜਕੱਲ੍ਹ ਸਾਰੇ ਹੀ ਵੱਡੇ ਸੰਗੀਤਕਾਰਾਂ ਨੇ ਅਜਿਹਾ ਸੰਗੀਤ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਨਿਊ ਏਜ ਮਿਊਜ਼ਕ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ, ਪਰ ਕੁੱਝ ਨਾਂ ਅਜਿਹੇ ਹਨ, ਜਿਹੜੇ ਪੂਰੀ ਤਰਾਂ ਇਸੇ ਤਰਾਂ ਦੇ ਸੰਗੀਤ ਨੂੰ ਸਮਰਪਿਤ ਹਨ, ਜਿਨ੍ਹਾਂ ਵਿੱਚ ਸਟੀਵਨ ਹਾਲਪਰਨ ਦਾ ਨਾਂ ਪ੍ਰਮੁਖ ਹੈ। ਬਹੁਤ ਸਾਰੇ ਲੋਕਾਂ ਨੇ ਅਜਿਹਾ ਸੰਗੀਤ ਤਿਆਰ ਕੀਤਾ, ਜਿਸ ਵਿੱਚ ਪ੍ਰਕ੍ਰਿਤਕ ਧੁਨਾਂ, ਅਵਾਜ਼ਾਂ ਦਾ ਇਸਤੇਮਾਲ ਕੀਤਾ। ਇਸ ਤਰਾਂ ਨਾਲ ਜਿਹੜਾ ਪ੍ਰਕਿਰਤਕ ਸੰਗੀਤ ਤਿਆਰ ਹੋਇਆ, ਉਹ ਵੀ ਨਿਊ ਏਜ ਮਿਊਜ਼ਕ ਵਰਗ ਵਿੱਚ ਗਿਣਿਆ ਗਿਆ। ਕੁਦਰਤ ਦੇ ਨੇੜੇ ਹੋਣ ਕਾਰਨ ਇਹ ਰੂਹਾਨੀ ਸਰਕਲਾਂ ਵਿੱਚ ਵੀ ਪ੍ਰਵਾਨ ਚੜ੍ਹਿਆ। 1973 ਵਿੱਚ ਮਾਈਕ ਓਲਡਫੀਲਡ ਦੀ ਰੌਕ ਐਲਬਮ ਟਿਊਬਲਰ ਬੈਲਜ਼ ਰਿਲੀਜ਼ ਹੋਈ। ਇਸ ਨੂੰ ਬੇਪਨਾਹ ਕਾਮਯਾਬੀ ਮਿਲੀ ਅਤੇ ਇਸ ਨੇ ਵੀ ਇਸ ਤਰਾਂ ਦੇ ਸੰਗੀਤ ਵਿੱਚ ਨਵਾਂ ਰੁਝਾਨ ਪੈਦਾ ਕੀਤਾ। ਉਦੋਂ ਤੋਂ ਲੈਕੇ ਹੁਣ ਤੱਕ ਇਸ ਸੰਗੀਤ ਧਾਰਾ ਵਿੱਚ ਅਨੇਕਾਂ ਪ੍ਰਯੋਗ ਹੋ ਚੁੱਕੇ ਹਨ ਅਤੇ ਬੇਅੰਤ ਨਾਂ ਸਾਹਮਣੇ ਆਏ ਹਨ। ਇਸ ਵਿਸ਼ਵ ਵਿਆਪੀ ਸੰਗੀਤ ਧਾਰਾ ਤੇ ਸਮੁਚੇ ਤੌਰ ਤੇ ਨਜ਼ਰ ਮਾਰਨਾ ਇਸ ਫੀਚਰ ਦਾ ਵਿਸ਼ਾ ਨਹੀਂ ਹੈ।
ਇਸ ਫੀਚਰ ਵਿੱਚ ਅਸੀਂ ਇਸ ਸੰਗੀਤ ਧਾਰਾ ਦੇ ਉਸ ਪਹਿਲੂ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਾਂਗੇ, ਜਿਹੜਾ ਭਾਰਤ ਨਾਲ ਜੁੜਦਾ ਹੈ। ਅੱਗੇ ਜਾ ਕੇ ਇਸ ਵਿੱਚ ਬਹੁਤ ਤਾਕਤਵਾਰ ਪੰਜਾਬੀ ਪਹਿਲੂ ਵੀ ਜੁੜ ਜਾਂਦਾ ਹੈ। ਜਿਵੇਂ ਦੁਨੀਆ ਦੇ ਰੂਹਾਨੀ ਗਿਆਨ ਅਤੇ ਨਿਊ ਏਜ ਰੂਹਾਨੀ ਲਹਿਰਾਂ ਤੋਂ ਭਾਰਤ ਨੂੰ ਅਲੱਗ ਕਰਨਾ ਸੰਭਵ ਨਹੀਂ ਹੈ, ਉਸੇ ਤਰਾਂ ਨਿਊ ਏਜ ਸੰਗੀਤ ਵਿੱਚੋਂ ਵੀ ਭਾਰਤ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਭਾਰਤ ਦੁਨੀਆ ਵਿੱਚ ਰੂਹਾਨੀ ਅਨੁਭਵ ਅਤੇ ਗਿਆਨ ਦਾ ਸਰੋਤ ਹੈ। ਇਸ ਕਰਕੇ ਰੂਹਾਨੀ ਸੁਭਾਅ ਵਾਲੇ ਰੂਹਾਨੀ ਸੰਗੀਤ ਨਾਲ ਵੀ ਭਾਰਤ ਦਾ ਸਬੰਧ ਆਪਣੇ ਆਪ ਜੁੜ ਜਾਂਦਾ ਹੈ। ਜਦ ਕੁ ਤੋਂ ਪੱਛਮੀ ਦੁਨੀਆ ਵਿੱਚ ਭਾਰਤੀ ਰੂਹਾਨੀਅਤ ਦਾ ਪ੍ਰਭਾਵ ਗਿਆ ਹੈ, ਉਦੋਂ ਹੀ ਭਾਰਤੀ ਪਿਛੋਕੜ ਵਾਲੇ ਸੰਗੀਤ ਦਾ ਅਸਰ ਵੀ ਪੱਛਮੀ ਸੰਗੀਤ ਵਿੱਚੋਂ ਲੱਭਿਆ ਜਾ ਸਕਦਾ ਹੈ। ਗੁਰਜੀਏਫ ਅਤੇ ਹਾਰਟਮੈਨ ਦੀ ਐਲਬਮ 'ਮੈਡੀਟੇਸ਼ਨ' ਵਿੱਚ ਵੀ ਹਿੰਦੂ ਅਤੇ ਤਿਬਤੀ ਮੈਲਡੀਜ਼ ਸ਼ਾਮਲ ਕੀਤੀਆਂ ਗਈਆਂ ਹਨ। ਪਰ ਪਿਛਲੀ ਸਦੀ ਤੋਂ ਜਦ ਤੋਂ ਭਾਰਤੀ ਰੂਹਾਨੀ ਪਰੰਪਰਾਵਾਂ ਪ੍ਰਤੀ ਪੱਛਮ ਵਿੱਚ ਜ਼ਿਆਦਾ ਜਾਗਰਤੀ ਪੈਦਾ ਹੋਈ ਹੈ, ਉਦੋਂ ਕੁ ਤੋਂ ਅਜਿਹੇ ਪ੍ਰਭਾਵ ਵਾਲਾ ਸੰਗੀਤ ਵੀ ਵੱਡੀ ਪੱਧਰ ਤੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਜਰਮਨ ਮੂਲ ਦਾ ਸੰਗੀਤਕਾਰ ਜਾਰਜ ਡਿਊਟ ਲੰਬਾ ਸਮਾਂ ਓਸ਼ੋ ਦੇ ਪੂਨਾ ਆਸ਼ਰਮ ਵਿੱਚ ਰਿਹਾ। ਉਹ ਨਿਊ ਏਜ ਮਿਊਜ਼ਕ ਵਿੱਚ ਇੱਕ ਬਹੁਤ ਵੱਡਾ ਨਾਂ ਹੈ।
ਇਸ ਤਰਾਂ ਦੇ ਮਿਊਜ਼ਕ ਵਿੱਚ ਵੱਡੇ ਤੌਰ ਤੇ ਦੋ ਵਰਗ ਬਣਾਏ ਜਾ ਸਕਦੇ ਹਨ। ਇੱਕ ਵਰਗ ਵਿੱਚ ਨਿਰੋਲ ਇੰਸਟਰੂਮੈਂਟਲ ਮਿਊਜ਼ਕ ਨੂੰ ਰੱਖਿਆ ਜਾ ਸਕਦਾ ਹੈ ਅਤੇ ਦੂਜੇ ਵਿੱਚ ਅਜਿਹਾ ਸੰਗੀਤ ਹੈ, ਜਿਸ ਵਿੱਚ ਧਾਰਮਿਕ ਮੰਤਰਾਂ ਦਾ ਗਾਇਨ ਜਾਂ ਉਚਾਰਨ ਸ਼ਾਮਲ ਹੈ। ਇਸ ਫੀਚਰ ਵਿੱਚ ਅਸੀਂ ਜਿਨ੍ਹਾਂ ਲੋਕਾਂ ਦਾ ਜ਼ਿਆਦਾ ਜ਼ਿਕਰ ਕਰ ਰਹੇ ਹਾਂ, ਉਹ ਦੂਜੇ ਵਰਗ ਨਾਲ ਸਬੰਧਤ ਹਨ। ਭਾਰਤ ਦੀ ਤਰਫੋਂ ਅਜਿਹਾ ਸੰਗੀਤ ਤਿੰਨ ਸਰੋਤਾਂ ਤੋਂ ਗਿਆ ਹੈ। ਸਭ ਤੋਂ ਪਹਿਲਾ ਸਰੋਤ ਪੁਰਾਤਨ ਹਿੰਦੂ ਮੰਤਰਾਂ ਜਾਂ ਧੁਨਾਂ ਦਾ ਉਚਾਰਨ ਹੈ। ਰਾਮ ਕ੍ਰਿਸ਼ਨ ਮਿਸ਼ਨ ਵਰਗੀਆਂ ਲਹਿਰਾਂ ਦਾ ਪ੍ਰਭਾਵ ਇਸ ਮਾਮਲੇ ਵਿੱਚ ਨੋਟ ਕੀਤਾ ਜਾ ਸਕਦਾ ਹੈ। ਪਰ ਹਿੰਦੂ ਮੰਤਰਾਂ ਦੇ ਉਚਾਰਨ ਦੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਨੇ ਵਿਸ਼ਵ ਸਤਰ ਤੇ ਸਭ ਤੋਂ ਵੱਧ ਪਛਾਣ ਬਣਾਈ ਹੈ, ਉਨ੍ਹਾਂ ਵਿੱਚ ਇਕ ਮਸਤ ਹਿੰਦੂ ਸਾਧੂ ਨੀਮ ਕਰੋਲੀ ਬਾਬਾ ਦੇ ਚੇਲਿਆਂ ਦਾ ਨਾਂ ਪ੍ਰਮੁਖ ਹੈ। ਉਸ ਦੇ ਇਹ ਸਾਰੇ ਚੇਲੇ ਪੱਛਮੀ ਮੂਲ ਦੇ ਲੋਕ ਸਨ, ਜਿਨ੍ਹਾਂ ਨੇ ਇਸ ਅਨੋਖੇ ਫਕੀਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੇ ਨਾਂ ਵੀ ਹਿੰਦੂਆਂ ਵਰਗੇ ਰੱਖ ਲਏ। ਇਨ੍ਹਾਂ ਵਿੱਚ ਸਭ ਤੋਂ ਪ੍ਰਮੁਖ ਭਗਵਾਨ ਦਾਸ ਹੈ, ਜਿਸ ਦਾ ਮੁਢਲਾ ਨਾਂ ਮਾਈਕਲ ਰਿਗਜ਼ ਸੀ।ਨੀਮ ਕਰੋਲੀ ਬਾਬਾ ਦੇ ਚੇਲਿਆਂ ਵਿੱਚੋਂ ਹੀ ਦੋ ਹੋਰ ਵੱਡੇ ਨਾਂ ਕ੍ਰਿਸ਼ਨ ਦਾਸ ਅਤੇ ਜੈ ਉਤਲ ਸਨ। ਅੱਗੇ ਭਗਵਾਨ ਦਾਸ ਦੇ ਹੀ ਇੱਕ ਚੇਲੇ ਕੈਲਾਸ਼ ਨੇ ਨਾ ਸਿਰਫ ਹਿੰਦੂ ਮੰਤਰਾਂ ਦੇ ਉਚਾਰਨ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ ਬਲਕਿ ਆਪਣੀ ਇੱਕ ਕਿਤਾਬ ' ਫੌਲੋਇੰਗ ਸਾਊਂਡ ਇਨਟੂ ਸਾਇਲੰਸ ' ਵਿੱਚ ਮੰਤਰਾਂ ਦੀ ਸਾਇੰਸ ਤੇ ਅਕਾਦਮਿਕ ਖੋਜ ਦਾ ਕਾਰਜ ਵੀ ਕੀਤਾ ਹੈ। ਉਸ ਦਾ ਮੂਲ ਨਾਂ ਕਰਟ ਏ ਬਰੂਡਰ ਹੈ।ਇਸੇ ਤਰਾਂ ਇੱਕ ਹੋਰ ਜਰਮਨ ਔਰਤ ਦੇਵਾ ਪ੍ਰੇਮਲ ਦੁਆਰਾ ਕੀਤਾ ਗਿਆ ਮੰਤਰਾਂ ਦਾ ਉਚਾਰਨ ਵੀ ਪੱਛਮੀ ਰੂਹਾਨੀ ਦਾਇਰਿਆਂ ਵਿੱਚ ਕਾਫੀ ਪ੍ਰਚਲਿਤ ਹੈ।
ਭਾਰਤ ਦੀ ਤਰਫੋਂ ਇਸ ਤਰਾਂ ਦੇ ਸੰਗੀਤ ਦਾ ਦੂਜਾ ਵੱਡਾ ਸਰੋਤ ਤਿਬਤੀ ਮੰਤਰਾਂ ਦਾ ਉਚਾਰਨ ਤੇ ਧੁਨਾਂ ਹਨ। ਦਲਾਈਲਾਮਾ ਨੂੰ ਨੋਬਲ ਪ੍ਰਾਈਜ਼ ਮਿਲਣ ਤੋਂ ਬਾਅਦ ਤਿੱਬਤੀ ਸੰਗੀਤਕਾਰ ਬੜੀ ਤੇਜ਼ੀ ਨਾਲ ਕੌਮਾਂਤਰੀ ਨਜ਼ਰਾਂ ਵਿੱਚ ਆਏ ਹਨ। ਦੋ ਤਿੱਬਤੀ ਗਾਇਕ ਗਰੈਮੀ ਅਵਾਰਡਾਂ ਲਈ ਮਨੋਨੀਤ ਹੋ ਚੁੱਕੇ ਹਨ। 43ਵੇਂ ਗਰੈਮੀ ਅਵਾਰਡਾਂ ਲਈ ਨੇਵਾਂਗ ਖੇਚੋਗ ਦੀ ਐਲਬਮ ' ਇਨ ਏ ਡਿਸਟੈਂਟ ਪਲੇਸ' ਮਨੋਨੀਤ ਹੋਈ ਸੀ ਅਤੇ ਉਸ ਦੋਂ ਬਾਅਦ 46ਵੇਂ ਗਰੈਮੀ ਅਵਾਰਡਾਂ ਦੌਰਾਂਨ ਤੇਨਮ ਲਾਮਾ ਦੀ 'ਸੇਕਰਡ ਤਿਬਤੀ ਚੈਂਟਸ' ਨਾਂ ਦੀ ਐਲਬਮ ਨੂੰ ਗਰੈਮੀ ਅਵਾਡਰ ਦਿੱਤਾ ਗਿਆ ਸੀ। ਇਸ ਨਾਲ ਤਿੱਬਤੀ ਮੰਤਰ ਤੇ ਧੁਨਾਂ ਇੱਕ ਦਮ ਸਾਰੀ ਦੁਨੀਆ ਦੇ ਰੂਹਾਨੀ ਸੰਗੀਤ ਸਰਕਲਾਂ ਵਿੱਚ ਖਿੱਚ ਦਾ ਕੇਂਦਰ ਬਣ ਗਈਆਂ।
ਸਿੱਖ ਸੰਗੀਤ ਕੌਮਾਂਤਰੀ ਪੱਧਰ ਤੇ ਪਹਿਲੀ ਵਾਰ ਉਦੋਂ ਧਿਆਨ ਦਾ ਕੇਂਦਰ ਬਣਿਆ, ਜਦ ਸਨਾਤਮ ਕੌਰ ਦੀ ਇੱਕ ਐਲਬਮ ਗਰੈਮੀ ਅਵਾਰਡਾਂ ਲਈ ਮਨੋਨੀਤ ਹੋਈ। ਕੌਮਾਂਤਰੀ ਪੱਧਰ ਤੇ ਸਿੱਖ ਸੰਗੀਤ ਦੀ ਜੜ੍ਹ ਯੋਗੀ ਜੀ ਦੁਆਰਾ ਲਾਈ ਗਈ ਹੈ। ਭਾਈ ਹਰਿਭਜਨ ਸਿੰਘ ਯੋਗੀ ਜੀ ਬੁਨਿਆਦੀ ਤੌਰ ਤੇ ਕੁੰਡਲਨੀ ਯੋਗਾ ਟੀਚਰ ਸਨ ਅਤੇ ਉਹ ਪਹਿਲੇ ਸਿੱਖ ਸੰਤ ਸਨ, ਜਿਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਾਫੀ ਗਿਣਤੀ ਵਿੱਚ ਗੋਰੇ ਲੋਕ ਸਿੱਖ ਬਣ ਗਏ। ਇਨ੍ਹਾਂ ਗੋਰੇ ਸਿੱਖਾਂ ਨੇ ਹੌਲੀ ਹੌਲੀ ਸਿੱਖ ਮੰਤਰਾਂ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਅੰਦਾਜ਼ ਵਿੱਚ ਸਿੱਖ ਸ਼ਬਦਾਂ ਦਾ ਗਾਇਨ ਤੇ ਕੀਰਤਨ ਕਰਨ ਲੱਗੇ। 1974 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਖਾਲਸਾ ਸਟਰਿੰਗ ਬੈਂਡ ਬਣਾਇਆ। ਇਨ੍ਹਾਂ ਲੋਕਾਂ ਨੇ ਹੀ ਹੌਲੀ ਹੌਲੀ ਐਲਬਮਾਂ ਰਿਕਾਰਡ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਲੋਕ ਕੀਰਤਨ ਸਿੱਖਣ ਲਈ ਪੰਜਾਬ ਵੀ ਆਉਂਦੇ ਰਹੇ। ਇਨ੍ਹਾਂ ਨੇ ਪਰੰਪਰਕ ਅੰਦਾਜ਼ ਵਿੱਚ ਕੀਰਤਨ ਕਰਨ ਵਾਲਿਆਂ ਤੋਂ ਸਿੱਖਿਆ ਵੀ ਲਈ ਅਤੇ ਰਿਵਾਇਤੀ ਸਾਜ਼ ਵੀ ਸਿੱਖੇ। ਪਰ ਪੱਛਮੀ ਮੂਲ ਦੇ ਲੋਕਾਂ ਲਈ ਪੰਜਾਬੀਆਂ ਦੀ ਤਰਾਂ ਕੀਰਤਨ ਕਰਨਾ ਸੰਭਵ ਨਹੀਂ ਸੀ। ਇਸ ਕਰਕੇ ਇਸ ਪ੍ਰਯੋਗ ਵਿੱਚੋਂ ਆਪਣ ਆਪ ਹੀ ਨਵੀਂ ਤਰਾਂ ਦਾ ਸਿੱਖ ਸੰਗੀਤ ਸਾਹਮਣੇ ਆਇਆ। ਇਨ੍ਹਾਂ ਲਈ ਮੁਸ਼ਕਲ ਵਾਲੇ ਪੰਜਾਬੀ ਸ਼ਬਦਾਂ ਦਾ ਉਚਾਰਨ ਵੀ ਮੁਸ਼ਕਲ ਸੀ, ਇਸ ਕਰਕੇ ਇਨ੍ਹਾਂ ਨੇ ਸਰਲ ਸਰਲ ਸ਼ਬਦ ਲੈ ਕੇ ਉਨ੍ਹਾਂ ਦਾ ਉਚਾਰਨ ਕੀਤਾ ਅਤੇ ਅੰਗਰੇਜ਼ੀ ਫਿਕਰਿਆਂ ਅਤੇ ਪੰਜਾਬੀ ਉਚਾਰਨਾਂ ਦਾ ਮਿਸ਼ਰਨ ਵੀ ਕੀਤਾ। ਇਸ ਮਿਸ਼ਰਨ ਵਿੱਚੋਂ ਅਜਿਹਾ ਖੂਬਸੂਸਰਤ ਸੰਗੀਤ ਸਾਹਮਣੇ ਆਇਆ, ਜਿਹੜਾ ਸਿਰਫ ਸਿੱਖ ਦਾਇਰਿਆਂ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਰੂਹਾਨੀ ਸੰਗੀਤ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਦੇ ਵਿਸ਼ਾਲ ਘੇਰੇ ਤੱਕ ਪਹੁੰਚਿਆ। ਸਨਾਤਮ ਕੌਰ ਦੂਜੀ ਪੀੜ੍ਹੀ ਦੀ ਪੱਛਮੀ ਸਿੱਖ ਹੈ। ਉਸ ਦੀ ਮਾਂ ਨੇ ਯੋਗੀ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਿੱਖ ਧਰਮ ਧਾਰਿਆ ਸੀ। ਸਨਾਤਮ ਨੇ ਖੁਦ ਆਪਣੀ ਮਾਂ ਦੀ ਤਰਾਂ ਇੱਕ ਪੰਜਾਬੀ ਕੀਰਤਨੀਏ ਕੋਲੋਂ ਸਿੱਖਿਆ ਲਈ, ਪਰ ਉਸ ਨੇ ਜੋ ਗਾਇਨ ਪੇਸ਼ ਕੀਤਾ, ਉਹ ਇੱਕ ਵਿਲੱਖਣ ਚੀਜ਼ ਬਣ ਗਿਆ। ਸਨਾਤਮ ਦੀ ਗਰੈਮੀ ਅਵਾਰਡਾਂ ਦੀ ਨਿਊ ਏਜ ਮਿਊਜ਼ਕ ਸ਼੍ਰੇਣੀ ਵਿੱਚ ਨੌਮੀਨੇਸ਼ਨ ਨੇ ਇਸ ਤਰਾਂ ਦੇ ਸੰਗੀਤ ਪ੍ਰਤੀ ਵਿਆਪਕ ਧਿਆਨ ਖਿੱਚਿਆ। ਇਸ ਸੰਗੀਤ ਦੀ ਵਧ ਰਹੀ ਮੰਗ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸਨਾਤਮ ਦੇ ਇੱਕ ਸਹਿਯੋਗੀ ਇੱਕ ਹੋਰ ਪੱਛਮੀ ਸਿੱਖ ਗੁਰੂ ਗਨੇਸ਼ਾ ਸਿੰਘ ਨੇ 2000 ਵਿੱਚ ਸਪਿਰਿਟ ਵੋਏਜ ਨਾਂ ਦੀ ਇੱਕ ਰਿਕਾਰਡਿੰਗ ਕੰਪਨੀ ਬਣਾਈ ਅਤੇ ਇਸ ਤਰਾਂ ਦੇ ਸੰਗੀਤ ਨੂੰ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਕੰਪਨੀ ਨੇ ਨਾ ਸਿਰਫ ਸਿੱਖ ਗਾਇਕਾਂ/ਸੰਗੀਤਕਾਰਾਂ ਦੀਆਂ ਐਲਬਮਾਂ ਹੀ ਰਿਲੀਜ਼ ਕੀਤੀਆਂ ਬਲਕਿ ਦੂਜੀਆਂ ਧਾਰਾਵਾਂ ਦਾ ਨਿਊ ਏਜ ਰੂਹਾਨੀ ਸੰਗੀਤ ਵੀ ਰਿਲੀਜ਼ ਕਰਨਾ ਸ਼ੁਰੂ ਕੀਤਾ। ਇਸ ਅਰਸੇ ਦੌਰਾਨ ਇਸ ਤਰਾਂ ਦਾ ਗਾਇਨ ਕਰਨ ਵਾਲੇ ਕਈ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸਿੰਘ ਕੌਰ, ਦੇਵ ਸਰੂਪ ਕੌਰ ਖਾਲਸਾ,ਗੁਰੂਦਾਸ ਸਿੰਘ, ਹਰੀਭਜਨ ਕੌਰ ਤੇ ਲਿਵਤਾਰ ਸਿੰਘ, ਮਾਤਾਮੰਦਿਰ ਸਿੰਘ, ਨਿਰੰਜਨ ਕੌਰ, ਸਦਾਸਤ ਕੌਰ, ਗੁਰੂ ਸ਼ਬਦ ਸਿੰਘ, ਸਤ ਕਿਰਨ ਕੌਰ ਖਾਲਸਾ ਆਦਿ ਜ਼ਿਕਰਯੋਗ ਹਨ। ਠੇਠ ਸਿੱਖ ਨਾਂ ਲੱਗਣ ਵਾਲੇ ਇਹ ਸਾਰੇ ਨਾਂ ਗੋਰੇ ਸਿੱਖਾਂ ਦੇ ਹਨ। ਇਨ੍ਹਾਂ ਦੁਆਰਾ ਜੋ ਸੰਗੀਤ ਰਚਿਆ ਗਿਆ ਹੈ, ਕੌਮਾਂਤਰੀ ਦ੍ਰਿਸ਼ਾਂ ਤੇ ਉਸ ਦੀ ਪੰਜਾਬ ਵਿੱਚ ਸਾਹਮਣੇ ਆਏ ਗੁਰਬਾਣੀ ਕੀਰਤਨ ਨਾਲੋਂ ਜ਼ਿਆਦਾ ਪਛਾਣ ਹੈ।
ਇਸ ਤਰਾਂ ਦਾ ਜੋ ਵੀ ਸੰਗੀਤ ਦੁਨੀਆ ਵਿੱਚ ਸਾਹਮਣੇ ਆ ਰਿਹਾ ਹੈ, ਉਸ ਨੂੰ ਕਿਸੇ ਧਰਮ ਦੇ ਦਾਇਰੇ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਇਹ ਸੰਗੀਤ ਬੁਨਿਆਦੀ ਤੌਰ ਤੇ ਉਨ੍ਹਾਂ ਰੂਹਾਨੀ ਲਹਿਰਾਂ ਦੇ ਪ੍ਰਭਾਵਾਂ ਦੀ ਉਪਜ ਹੈ, ਜਿਨ੍ਹਾਂ ਨੇ ਯੋਗ, ਸਾਧਨਾ ਆਦਿ ਦੇ ਰੂਪ ਵਿੱਚ ਪੂਰੀ ਦੁਨੀਆ ਅੰਦਰ ਇੱਕ ਨਵੀਂ ਤਰਾਂ ਦੀ ਜੀਵਨ ਜਾਚ ਪ੍ਰਚਲਿਤ ਕੀਤੀ ਹੈ। ਇਨ੍ਹਾਂ ਲਹਿਰਾਂ ਦੇ ਪ੍ਰਭਾਵ ਸਦਕਾ ਵੱਖ ਵੱਖ ਪੂਰਬੀ ਸਭਿਆਚਾਰਾਂ ਦੇ ਅਸਰ ਵਾਲਾ ਸੰਗੀਤ ਸਾਹਮਣੇ ਆਇਆ ਹੈ। ਜਿਥੇ ਜਪਾਨ ਤੋਂ ਸ਼ੁਰੂ ਹੋਈ ਰੂਹਾਨੀ ਪੱਧਤੀ ਰੇਕੀ ਨੇ ਵੱਡੇ ਪੱਧਰ ਤੇ ਹੀਲਿੰਗ ਵਾਸਤੇ ਵਰਤਿਆ ਜਾਂਦਾ ਰੇਕੀ ਮਿਊਜ਼ਕ ਪੈਦਾ ਕੀਤਾ ਹੈ, ਉਥੇ ਮੈਡੀਟੇਸ਼ਨ ਅਤੇ ਇਕਾਗਰਤਾ ਪ੍ਰਦਾਨ ਕਰਨ ਵਾਸਤੇ ਭਾਰਤੀ ਪ੍ਰਭਾਵਾਂ ਵਾਲਾ ਮਿਊਜ਼ਕ ਸਾਹਮਣੇ ਆਇਆ ਹੈ। ਆਉਣ ਵਾਲੀ ਸਦੀ ਨੂੰ ਕਿਉਂਕਿ ਵਿਸ਼ਵ ਵਿੱਚ ਰੂਹਾਨੀ ਜਾਗਰਤੀ ਦੀ ਲਹਿਰ ਕਿਹਾ ਜਾਂਦਾ ਹੈ, ਇਸ ਕਰਕੇ ਇਸ ਤਰਾਂ ਦੇ ਸੰਗੀਤ ਦਾ ਘੇਰਾ ਵੀ ਲਗਾਤਾਰ ਵਧਦੇ ਜਾਣ ਦੀ ਹੀ ਸੰਭਾਵਨ ਹੈ। ਦੁਨੀਆ ਵਿੱਚ ਜਿਉਂ ਜਿਉਂ ਸਾਧਨਾ, ਯੋਗ ਕਰਨ ਵਾਲੇ ਅਤੇ ਰੂਹਾਨੀ ਪ੍ਰਸ਼ਨਾਂ ਵਿੱਚ ਰੁਚੀ ਰੱਖਣ ਵਾਲੇ ਲੋਕ ਵਧ ਰਹੇ ਹਨ, ਤਿਉਂ ਤਿਉਂ ਰੂਹਾਨੀ ਪ੍ਰਭਾਵ ਵਾਲੇ ਸੰਗੀਤ ਨੂੰ ਸੁਣਨ ਵਾਲੇ ਵੀ ਵਧ ਰਹੇ ਹਨ।
ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ