top of page

ਪਾੜੋ ਅਤੇ ਰਾਜ ਕਰੋ ਦੀ ਨੀਤੀ ਦਾ ਨਵਾਂ ਐਡੀਸ਼ਨ

ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਜੋ ਗਤੀਵਿਧੀ ਹੋ ਰਹੀ ਹੈ, ਉਸ ਵਿਚ ਕੁੱਝ ਗੱਲਾਂ ਇਸ ਤਰਾਂ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖਕੇ ਲੱਗਦਾ ਹੈ ਕਿ ਜਿਵੇਂ ਕਿਸੇ ਗਿਣੀ-ਮਿਥੀ ਯੋਜਨਾ ਨਾਲ ਕੁੱਝ ਆਈ-ਟੀ ਸੈੱਲਾਂ ਦੁਆਰਾ ਇਸ ਨੂੰ ਚਲਾਇਆ ਜਾ ਰਿਹਾ ਹੈ। ਜੋ ਕੁੱਝ ਅਸੀਂ ਰਾਜਨੀਤਕ ਹਲਕਿਆਂ ਵਿਚੋਂ ਸੁਣ ਰਹੇ ਹਾਂ, ਜੇ ਉਸ ਨਾਲ ਮਿਲਾਕੇ ਇਸ ਨੂੰ ਪੜ੍ਹੀਏ ਤਾਂ ਦੇਖਿਆ ਜਾ ਸਕਦਾ ਹੈ ਕਿ ਸਾਰਾ ਕੁੱਝ ਇਕ ਸੋਚੀ-ਸਮਝੀ ਯੋਜਨਾ ਤਹਿਤ ਹੋ ਰਿਹਾ ਹੈ ਅਤੇ ਇਸ ਦੇ ਪਿੱਛੇ ਇਕ ਰਣਨੀਤੀ ਹੈ। ਅਮਿਤ ਸ਼ਾਹ ਪਾੜੋ ਅਤੇ ਰਾਜ ਕਰੋ ਦੀ ਰਾਜਨੀਤੀ ਦਾ ਮਾਹਰ ਹੈ। ਜੋ ਤਰੀਕੇ ਉਸਨੇ ਮੁਲਕ ਵਿਚ ਹੋਰ ਥਾਵਾਂ ਤੇ ਅਪਣਾਏ, ਉਹੀ ਹੁਣ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਅਪਣਾਏ ਜਾ ਰਹੇ ਹਨ। ਅਮਿਤ ਸ਼ਾਹ ਦੀ ਰਣਨੀਤੀ ਦਾ ਇਹ ਸਭ ਤੋਂ ਵੱਡਾ ਫਾਰਮੂਲਾ ਹੈ ਕਿ ਆਪਣੇ ਵਿਰੋਧ ਵਿਚ ਖੜ੍ਹੀਆਂ ਧਿਰਾਂ ਅਤੇ ਲੋਕਾਂ ਨੂੰ ਆਪਸ ਵਿਚ ਵੰਡ ਦਿਓ। ਇਹ ਫਾਰਮੂਲਾ ਇਸ ਵਕਤ ਕਿਸਾਨ ਅੰਦੋਲਨ ਦੇ ਖਿਲਾਫ ਅਪਣਾਇਆ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ਦੇ ਤਾਜ਼ਾ ਰੁਝਾਨਾਂ ਵਿਚੋਂ ਇਹ ਪੜ੍ਹਿਆ ਜਾ ਸਕਦਾ ਹੈ।

ਪੰਜਾਬ ਦੇ ਮੌਜੂਦਾ ਕਿਸਾਨੀ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਅਸੀਂ ਮੁੱਦਤ ਬਾਦ ਪੰਜਾਬ ਨੂੰ ਇਸ ਤਰਾਂ ਇਕਜੁੱਟ ਦੇਖਿਆ ਹੈ। ਸ਼ਾਇਦ ਅਜ਼ਾਦੀ ਦੇ ਸੰਘਰਸ਼ ਤੋਂ ਬਾਦ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੇ ਹਿੰਦੂ, ਸਿੱਖ, ਮੁਸਲਮਾਨ ਸਭ ਇਕ ਸੁਰ ਹਨ। ਪੰਜਾਬ ਦੀਆਂ ਸਭ ਜਾਤਾਂ ਦੇ ਲੋਕ ਇਕ ਸੁਰ ਹਨ। ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਇਕ ਸੁਰ ਹਨ। ਪੰਜਾਬ ਦੀਆਂ ਸਭ ਰਾਜਨੀਤਕ ਧਿਰਾਂ ਇਕ ਸੁਰ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੋ ਰਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਵੱਡੇ-ਛੋਟੇ ਭਰਾ ਦੀ ਤਰਾਂ ਗੱਲਾਂ ਕਰ ਰਹੇ ਹਨ। ਇੰਡੀਆ ਦੇ ਹੋਰ ਹਿੱਸਿਆਂ ਦੇ ਕਿਸਾਨ ਅਤੇ ਬਾਕੀ ਲੋਕ ਪੰਜਾਬ ਵੱਲ ਇਕ ਉਮੀਦ ਨਾਲ ਦੇਖ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਬਾਕੀ ਸਾਰੇ ਮੁਲਕ ਦੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਇਕ ਹੌਸਲਾ ਦਿੱਤਾ ਹੈ। ਇਸ ਵਕਤ ਅਮਿਤ ਸ਼ਾਹ ਟੀਮ ਦੀ ਸਭ ਤੋਂ ਵੱਡੀ ਰਣਨੀਤੀ ਅੰਦੋਲਨ ਦੀ ਇਸ ਤਾਕਤ ਨੂੰ ਤੋੜਨ ਦੀ ਹੈ। ਜਿਵੇਂ ਅਜ਼ਾਦੀ ਦੇ ਅੰਦੋਲਨ ਦੀ ਅਜਿਹੀ ਤਾਕਤ ਨੂੰ ਤੋੜਨ ਲਈ ਅੰਗਰੇਜ਼ ਹਕੂਮਤ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ ਸੀ, ਬਿਲਕੁੱਲ ਉਸੇ ਪੈਟਰਨ ਤੇ ਪਾੜੋ ਅਤੇ ਰਾਜ ਕਰੋ ਦੀ ਰਣਨੀਤੀ ਦਾ ਨਵਾਂ ਐਡੀਸ਼ਨ ਅਮਿਤ ਸ਼ਾਹ ਦੀ ਟੀਮ ਦੁਆਰਾ ਕਿਸਾਨ ਅੰਦੋਲਨ ਦੇ ਖਿਲਾਫ ਵਰਤਿਆ ਜਾ ਰਿਹਾ ਹੈ।

ਜੋ ਗਤੀਵਿਧੀ ਇਸ ਵਕਤ ਸੋਸ਼ਲ ਮੀਡੀਆ ਵਿਚ ਹੋ ਰਹੀ ਹੈ, ਉਸ ਵਿਚੋਂ ਆਈ ਟੀ ਸੈੱਲਾਂ ਦੀ ਇਹ ਰਣਨੀਤੀ ਦੇਖੀ ਜਾ ਸਕਦੀ ਹੈ। ਇਸ ਰਣਨੀਤੀ ਦੇ ਤਿੰਨ ਵੱਡੇ ਪੱਖ ਹਨ ਜਾਂ ਤਿੰਨ ਨਿਸ਼ਾਨੇ ਹਨ। ਇਨ੍ਹਾਂ ਨਿਸ਼ਾਨਿਆਂ ਨੂੰ ਪੂਰਾ ਕਰਨ ਲਈ ਅਲੱਗ ਅਲੱਗ ਪਾਸਿਓਂ ਤੋਂ ਪੋਸਟਾਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਅੱਗੇ ਦਿੱਤੇ ਤਿੰਨ ਨਿਸ਼ਾਨੇ ਸਾਫ ਦੇਖੇ ਜਾ ਸਕਦੇ ਹਨ, ਜਿਨ੍ਹਾਂ ਦੀ ਪੂਰਤੀ ਲਈ ਆਈ ਟੀ ਸੈੱਲ ਲੱਗੇ ਹੋਏ ਜਾਪ ਰਹੇ ਹਨ:

1. ਮੌਜੂਦਾ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਬੜੀ ਮੁੱਦਤ ਬਾਦ ਪੰਜਾਬ ਵਿਚ ਖੱਬੇ ਪੱਖੀ ਪਿਛੋਕੜ ਵਾਲੀਆਂ ਧਿਰਾਂ, ਪੰਥਕ ਧਿਰਾਂ ਅਤੇ ਹੋਰ ਸਭ ਵਰਗ ਇਕੱਠੇ ਹੋਏ ਹਨ। ਸੋਸ਼ਲ ਮੀਡੀਆ ਦੀਆਂ ਪੋਸਟਾਂ ਦਾ ਇਕ ਨਿਸ਼ਾਨਾ ਪੰਜਾਬ ਦੇ ਕਾਮਰੇਡਾਂ ਅਤੇ ਪੰਥਕ ਧਿਰਾਂ ਵਿਚਾਲੇ ਵਿਰੋਧਾਂ ਨੂੰ ਤਿੱਖਾ ਕਰਨਾ ਹੈ। ਇਸ ਵਿਚ ਦੋ ਤਰਾਂ ਦੀਆਂ ਪੋਸਟਾਂ ਦਿਸਣਗੀਆਂ। ਕੁੱਝ ਲੋਕ ਜੋ ਆਪਣੇ ਆਪ ਨੂੰ ਕਾਮਰੇਡ ਵਜੋਂ ਜਾਂ ਅਗਾਂਹਵਧੂ ਖਿਆਲਾਂ ਵਾਲੇ ਵਜੋਂ ਪੇਸ਼ ਕਰਨਗੇ ਅਤੇ ਉਹ ਅਜਿਹੀਆਂ ਗੱਲਾਂ ਕਰਨਗੇ, ਜਿਸ ਨਾਲ ਉਹ ਕਿਸੇ ਧਰਮ ਦੇ ਖਿਲਾਫ ਗੱਲ ਨੂੰ ਹਵਾ ਦੇ ਰਹੇ ਹੋਣਗੇ। ਉਹ ਗੱਲਾਂ ਸਿੱਖੀ ਦੇ ਖਿਲਾਫ ਵੀ ਹੋ ਸਕਦੀਆਂ ਹਨ ਜਾਂ ਹਿੰਦੂ ਮਾਨਤਾਵਾਂ ਦੇ ਖਿਲਾਫ ਵੀ ਹੋ ਸਕਦੀਆਂ ਹਨ। ਇਸੇ ਤਰਾਂ ਕੁੱਝ ਹੋਰ ਲੋਕ ਆਪਣੇ ਆਪ ਨੂੰ ਪੰਥਕ ਵਜੋਂ ਪੇਸ਼ ਕਰਨਗੇ ਅਤੇ ਬਹੁਤ ਤੈਸ਼ ਵਿਚ ਆਕੇ ਕਾਮਰੇਡਾਂ ਦੇ ਖਿਲਾਫ ਬੋਲਣਗੇ। ਇਸ ਤਰਾਂ ਦੀਆਂ ਬਹੁਤ ਪੋਸਟਾਂ ਦਿਸ ਰਹੀਆਂ ਹਨ। ਕੁੱਝ ਲੋਕ ਤਾਂ ਇਸ ਤਰਾਂ ਵਰਤਾਓ ਕਰ ਰਹੇ ਹਨ, ਜਿਵੇਂ ਇਸ ਗੱਲ ਦੀ ਉਡੀਕ ਕਰ ਰਹੇ ਹੋਣ ਕਿ ਕੋਈ ਮੌਕਾ ਮਿਲੇ ਤੇ ਇਸ ਗੱਲ ਨੂੰ ਲੈ ਕੇ ਚੁਆਤੀ ਲਾ ਦੇਣ। ਇਹ ਸਾਰੇ ਲੋਕ ਉਸ ਰਣਨੀਤੀ ਦਾ ਹਿੱਸਾ ਜਾਪ ਰਹੇ ਹਨ, ਜਿਸ ਦਾ ਮਕਸਦ ਇਸ ਵਕਤ ਕਾਮਰੇਡਾਂ ਤੇ ਪੰਥਕ ਲੋਕਾਂ ਵਿਚਕਾਰ ਵਿਰੋਧ ਨੂੰ ਤਿੱਖਾ ਕਰਨਾ ਹੈ। ਮੈਨੂੰ ਲੱਗ ਰਿਹਾ ਹੈ ਕਿ ਇਸ ਮਕਸਦ ਨਾਲ ਕੁੱਝ ਲੋਕ ਕਿਸਾਨ ਅੰਦੋਲਨ ਵਿਚ ਵੀ ਪਹੁੰਚੇ ਹਨ।

2. ਇਸ ਰਣਨੀਤੀ ਦਾ ਦੂਜਾ ਹਿੱਸਾ ਹਿੰਦੂ-ਸਿੱਖ ਵਿਰੋਧ ਪੈਦਾ ਕਰਨਾ ਹੈ। ਇਸ ਕਰਕੇ ਅਜਿਹੀਆਂ ਪੋਸਟਾਂ ਵਾਲੇ ਲੋਕ ਉਨ੍ਹਾਂ ਸਾਰੀਆਂ ਗੱਲਾਂ ਨੂੰ ਤੂਲ ਦੇਣਗੇ; ਉਨ੍ਹਾਂ ਨੂੰ ਪ੍ਰਮੋਟ ਕਰਨਗੇ, ਜਿਸ ਨਾਲ ਹਿੰਦੂ-ਸਿੱਖ ਪਾੜਾ ਪੈਦਾ ਹੁੰਦਾ ਹੋਵੇ। ਕਿਤੇ ਇਹ ਸਿੱਖੀ ਦੇ ਭੇਸ ਵਿਚ ਅਜਿਹੀ ਗੱਲ ਕਰਨਗੇ ਅਤੇ ਕਿਤੇ ਹਿੰਦੂ ਦੇ ਭੇਸ ਵਿਚ। ਰਾਜਨੀਤਕ ਚਾਲਾਂ ਤੋਂ ਅਣਜਾਣ ਕਈ ਲੋਕ ਸਹਿਜ ਸੁਭਾਅ ਵੀ ਅਜਿਹੀਆਂ ਗੱਲਾਂ ਕਰਦੇ ਹਨ। ਪਰ ਇਸ ਵਕਤ ਇਹ ਸਾਰਾ ਕੁੱਝ ਇਕ ਖਾਸ ਰਣਨੀਤੀ ਦੇ ਪੱਖ ਵਿਚ ਜਾ ਰਿਹਾ ਹੈ, ਜਿਸ ਦਾ ਉਦੇਸ਼ ਪੰਜਾਬ ਵਿਚ ਬਣੀ ਏਕਤਾ ਨੂੰ ਤੋੜਨਾ ਹੈ। ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਰਕਾਰੀ ਧਿਰ ਦੀ ਵੱਡੀ ਯੋਜਨਾ ਵਿਚ ਇਹ ਗੱਲ ਫਿੱਟ ਬੈਠਦੀ ਹੈ।

3. ਇਸ ਰਣਨੀਤੀ ਦਾ ਇਕ ਹੋਰ ਖਤਰਨਾਕ ਹਿੱਸਾ ਜੱਟਾਂ ਅਤੇ ਗੈਰ-ਜੱਟਾਂ ਵਿਚਕਾਰ ਵਿਰੋਧ ਨੂੰ ਤਿੱਖਾ ਕਰਨਾ ਹੈ। ਇਸ ਤਰਾਂ ਦੀਆਂ ਪੋਸਟਾਂ ਵੀ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਹੜੀਆਂ ਇਹ ਗੱਲ ਉਭਾਰਨ ਦੀ ਕੋਸ਼ਿਸ਼ ਕਰ ਰਹੀਆਂ ਕਿ ਕਿਸਾਨਾਂ ਦੀਆਂ ਮੰਗਾਂ ਸਿਰਫ ਕਿਸਾਨਾਂ ਦੀਆ ਮੰਗਾਂ ਹਨ, ਅਤੇ ਗੈਰ-ਜ਼ਮੀਨੇ ਵਰਗਾਂ ਨੂੰ ਇਸ ਤੋਂ ਕੀ ਲੈਣਾ ਹੈ। ਸਿਆਸੀ ਹਲਕਿਆਂ ਵਿਚੋਂ ਅਸੀਂ ਅਮਿਤ ਸ਼ਾਹ ਦੇ ਪੰਜਾਬ ਪਲੈਨ ਬਾਰੇ ਜੋ ਅਸੀਂ ਸੁਣ ਰਹੇ ਹਾਂ, ਉਸ ਮੁਤਾਬਕ ਉਹ ਪੰਜਾਬ ਵਿਚ ਵੀ ਜਾਤੀ ਸਮੀਕਰਨਾਂ ਨਾਲ ਇਕ ਤਜ਼ਰਬਾ ਕਰਨ ਦੀ ਯੋਜਨਾ ਤੇ ਕੰਮ ਕਰ ਰਹੇ ਹਨ। ਇਹ ਸਾਰਾ ਕੁੱਝ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰਨ ਵਾਸਤੇ ਅਤੇ ਅੱਗੇ ਬੀ ਜੇ ਪੀ ਦੇ ਪੰਜਾਬ ਪਲੈਨ ਨੂੰ ਅੱਗੇ ਵਧਾਉਣ ਲਈ ਕੀਤਾ ਜਾ ਰਿਹਾ ਹੈ। ਸੋ ਸੋਸ਼ਲ ਮੀਡੀਆ ਚੋਂ ਕੁੱਝ-ਕੁੱਝ ਅਜਿਹੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ।

ਇਸ ਗੱਲ ਨੂੰ ਹੁਣ ਕਿਸਾਨ ਲੀਡਰਸ਼ਿਪ, ਹੋਰ ਪੰਜਾਬ ਹਿਤੈਸ਼ੀ ਧਿਰਾਂ, ਪੰਜਾਬ ਬਾਰੇ ਫਿਕਰਮੰਦ ਲੋਕਾਂ, ਪੰਜਾਬ ਵਿਚ ਸਮਾਜਕ ਸਦਭਾਵਨਾ ਅਤੇ ਏਕਤਾ ਚਾਹੁਣ ਵਾਲੇ ਲੋਕਾਂ ਨੇ ਦੇਖਣਾ ਹੈ ਕਿ ਇਸ ਖਤਰਨਾਕ ਰਣਨੀਤੀ ਨੂੰ ਕਿਵੇਂ ਫੇਲ੍ਹ ਕਰਨਾ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਭਾਵਕ ਅਤੇ ਭੜਕਾਊ ਗੱਲਾਂ ਕਰਨ ਵਾਲੇ ਲੋਕਾਂ ਨੂੰ ਅਣਡਿੱਠ ਕਰਨ ਦੀ ਲੋੜ ਹੈ। ਇਨ੍ਹਾਂ ਨੂੰ ਤੂਲ ਦੇਣ ਨਾਲ ਇਨ੍ਹਾਂ ਦਾ ਮਕਸਦ ਪੂਰਾ ਹੁੰਦਾ ਹੈ।

ਇਹ ਜਿਆਦਾ ਕੁੱਝ ਆਈ ਟੀ ਸੈੱਲਾਂ ਵਿਚੋਂ ਆ ਰਿਹਾ ਹੈ। ਸਿਆਸੀ, ਸਮਾਜਿਕ ਖੇਤਰ ਵਿਚ ਸਰਗਰਮ ਕੁੱਝ ਲੋਕ ਵੀ ਜਾਣਬੁੱਝਕੇ ਅਜਿਹੀਆਂ ਗੱਲਾਂ ਕਰ ਰਹੇ ਹਨ। ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਅਣਜਾਣੇ ਹੀ ਇਸ ਜਾਲ ਵਿਚ ਫਸ ਗਏ ਹੋਣ ਅਤੇ ਉਨ੍ਹਾਂ ਨੁੰ ਇਹ ਪਤਾ ਹੀ ਨਾ ਹੋਵੇ ਕਿ ਉਹ ਕਿਸ ਦੇ ਹੱਥਾਂ ਵਿਚ ਖੇਡ ਰਹੇ ਹਨ।

ਸਰਕਾਰ ਜਾਂ ਬੀ ਜੇ ਪੀ ਦਾ ਆਈ ਟੀ ਸੈੱਲ ਕਿਸਾਨ ਕਨੂੰਨਾਂ ਦੇ ਫਾਇਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਤਾਂ ਜੀ ਸਦਕੇ ਦੱਸੇ। ਉਨ੍ਹਾਂ ਕੋਲ ਮੀਡੀਆ ਵਿਚ ਦੇਣ ਲਈ ਇਸ਼ਤਿਹਾਰ ਹਨ। ਉਨ੍ਹਾਂ ਕੋਲ ਐਨਾ ਵੱਡਾ ਆਈ ਟੀ ਸੈੱਲ ਹੈ। ਇਕ ਲੋਕਤੰਤਰੀ ਸਮਾਜ ਵਿਚ ਆਪਣਾ ਪੱਖ ਰੱਖਣ ਦਾ ਸਭ ਨੂੰ ਅਧਿਕਾਰ ਹੈ। ਪਰ ਆਪਣੇ ਰਾਜਨੀਤਕ ਮਕਸਦਾਂ ਲਈ ਸਮਾਜ ਵਿਚ ਵੰਡ ਪਾਉਣ ਦੀ ਕੋਸ਼ਿਸ਼ ਕਰਨੀ ਇਨਸਾਨੀਅਤ ਵਿਰੋਧੀ, ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਰਾਜਨੀਤੀ ਹੈ। ਜਦੋਂ ਅਜਿਹਾ ਕੁੱਝ ਉਹ ਲੋਕ ਕਰਦੇ ਹਨ, ਜਿਨ੍ਹਾਂ ਦਾ ਸਾਰਾ ਜ਼ੋਰ ਦੇਸ਼ ਭਗਤੀ, ਰਾਸ਼ਟਰਵਾਦ, ਰਾਸ਼ਟਰੀ ਸਨਮਾਨ ਦੀਆ ਗੱਲਾਂ ਤੇ ਲੱਗਿਆ ਹੋਇਆ ਹੈ, ਤਾਂ ਬੜਾ ਅਫਸੋਸ ਹੁੰਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਹਰਿਆਣੇ ਵਿਚ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਬੀ ਜੇ ਪੀ ਇਸ ਵਕਤ ਐਸ ਵਾਈ ਐਲ ਬਾਰੇ ਧਰਨੇ ਲਾਉਂਦੀ ਹੈ, ਤਾਂ ਉਨ੍ਹਾਂ ਦੇ ‘ਦੇਸ਼ ਭਗਤੀ’ ਦੇ ਵਿਚਾਰ ਬਾਰੇ ਵੀ ਮਨਾਂ ਵਿਚ ਸਵਾਲ ਉੱਠਦੇ ਹਨ। ਇਸ ਪਿਛੋਕੜ ਵਿਚ ਜਦੋਂ ਇਨ੍ਹਾਂ ਲੋਕਾਂ ਦੀ ਪੰਜਾਬ ਯੋਜਨਾ ਨੂੰ ਦੇਖਦੇ ਹਾਂ, ਜਿਹੜੀ ਕੁੱਝ ਸਿਆਸੀ ਹਲਕਿਆਂ ਦੀ ਚਰਚਾ ਅਤੇ ਕੁੱਝ ਸੋਸ਼ਲ ਮੀਡੀਆ ਪੋਸਟਾਂ ਵਿਚੋਂ ਨਜ਼ਰ ਆਉਣ ਲੱਗੀ ਹੈ, ਤਾਂ ਦੇਸ਼ ਭਗਤੀ ਦੇ ਇਹ ਨਾਅਰੇ ਵੀ ਪਖੰਡ ਹੀ ਲੱਗ ਰਹੇ ਹਨ। ਜਿਹੜੀ ਵੀ ਧਿਰ ਆਪਣੇ ਰਾਜਨੀਤਕ ਉਦੇਸ਼ਾਂ ਲਈ ਮੁਲਕ ਦੇ ਕਿਸੇ ਵੀ ਸਮਾਜ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਮੈਨੂੰ ਦੇਸ਼ ਭਗਤ ਨਹੀਂ ਲੱਗਦੀ।


Comments


Featured Posts
Check back soon
Once posts are published, you’ll see them here.
Recent Posts
Archive
Search By Tags
Follow Us
  • Facebook Basic Square
  • Twitter Basic Square
  • Google+ Basic Square
bottom of page